ਵਾਸ਼ਿੰਗਟਨ – ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਵ੍ਹਾਈਟ ਹਾਊਸ ਵਿਚ ਨੌਜਵਾਨ ਨੇਤਾਵਾਂ ਨਾਲ ਵੀਰਵਾਰ ਨੂੰ ਮੁਲਾਕਾਤ ਕੀਤੀ ਅਤੇ ਕੂਟਨੀਤੀ ਦੀਆਂ ਮੁਸ਼ਕਲਾਂ ਅਤੇ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰਾਂ ਵਿਚਾਲੇ ਸਬੰਧਾਂ ’ਤੇ ਚਰਚਾ ਕੀਤੀ। ਸੰਧੂ ਨੇ ਟਵੀਟ ਕੀਤਾ ਕਿ ‘ਆਈਜਨਹਾਵਰ ਐਕਜੀਕਿਊਟਿਵ ਆਫਿਸ’ ਵਿਚ ਵ੍ਹਾਈਟ ਹਾਊਸ ਦੇ ਸਾਥੀਆਂ ਨਾਲ ‘ਗੱਲਬਾਤ ਚੰਗੀ ਰਹੀ’। ਇਹ ਦਫਤਰ ਵ੍ਹਾਈਟ ਹਾਊਸ ਕੰਪਲੈਕਸ ਵਿਚ ਹੀ ਸਥਿਤ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿਚ ਉਭਰਦੇ ਨੌਜਵਾਨ ਅਮਰੀਕੀ ਨੇਤਾਵਾਂ ਦੇ ਇਕ ਸਮੂਹ ਨਾਲ ਕੂਟਨੀਤੀ, ਭਾਰਤ-ਅਮਰੀਕਾ ਸਬੰਧਾਂ, ਖੇਤਰੀ ਵਿਕਾਸ, ਸਿਹਤ ਦੇਖਭਾਲ, ਊਰਜਾ ਅਤੇ ਵਾਤਾਵਰਣ ਅਤੇ ਸਿੱਖਿਆ ਸਬੰਧੀ ਕਈ ਵਿਸ਼ਿਆਂ ’ਤੇ ਗੱਲਬਾਤ ਹੋਈ। ਵ੍ਹਾਈਟ ਹਾਊਸ ਫੈਲੋਸ਼ਿਪ ਦੀ ਸ਼ੁਰੂਆਤ 1964 ਵਿਚ ਕੀਤੀ ਗਈ ਸੀ।
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਸੰਧੂ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੂੰ ਨੌਜਵਾਨ ਨੇਤਾਵਾਂ ਨਾਲ ਗੱਲਬਾਤ ਲਈ ਬੁਲਾਇਆ ਗਿਆ ਹੈ।