ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਰੋਨ ਰਾਹੀਂ ਪਾਕਿਸਤਾਨ ਦੁਆਰਾ ਕੀਤੇ ਜਾਣ ਵਾਲੇ ਹਮਲਿਆਂ ਨੂੰ ਲੈ ਕੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਸੀ। ਜੰਮੂ ’ਚ ਐਤਵਾਰ ਨੂੰ ਭਾਰਤੀ ਏਅਰ ਫੋਰਸ ਸਟੇਸ਼ਨ ’ਤੇ ਡਰੋਨ ਰਾਹੀਂ ਹਮਲਾ ਕੀਤਾ ਗਿਆ ਸੀ। ਪੰਜਾਬ ’ਚ ਪਿਛਲੇ ਡੇਢ ਸਾਲਾਂ ’ਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੇ ਵਾਲੇ ਪਦਾਰਥਾਂ ਨੂੰ ਭੇਜਣ ਦੀਆਂ ਘਟਨਾਵਾਂ ਵਧੀਆਂ ਹਨ ਅਤੇ ਇਸ ’ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਅਤੇ ਸਮੱਗਲਰਾਂ ਦਾ ਹੱਥ ਹੋਣ ਦਾ ਖ਼ਦਸ਼ਾ ਸਾਫ਼ ਪ੍ਰਗਟ ਕੀਤਾ ਜਾ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨਵੰਬਰ ਮਹੀਨੇ ’ਚ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਤਾਂ ਉਸ ਸਮੇਂ ਉਨ੍ਹਾਂ ਨੇ ਸੀਮਾ ਪਾਰ ਤੋਂ ਡਰੋਨ ਰਾਹੀਂ ਹੋਣ ਵਾਲੇ ਹਮਲੇ ਬਾਰੇ ਵਿਸਤ੍ਰਿਤ ਰਿਪੋਰਟ ਉਨ੍ਹਾਂ ਨੂੰ ਸੌਂਪੀ ਸੀ। ਮੁੱਖ ਮੰਤਰੀ ਦਫ਼ਤਰ ਅਨੁਸਾਰ ਪਿਛਲੇ 2 ਸਾਲਾਂ ’ਚ ਸਰਹੱਦੀ ਖੇਤਰਾਂ ’ਚ ਬੀ. ਐੱਸ. ਐੱਫ. ਨੇ ਕੁਝ ਡਰੋਨਜ਼ ਨੂੰ ਵੀ ਡੇਗਿਆ ਹੈ। ਮੁੱਖ ਮੰਤਰੀ ਵੱਲੋਂ ਜਦੋਂ ਇਹ ਮਾਮਲਾ ਪ੍ਰਧਾਨ ਮੰਤਰੀ ਦੇ ਸਾਹਮਣੇ ਉਠਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਸੂਬੇ ਦੇ ਇੰਟੈਲੀਜੈਂਸ ਵਿੰਗ, ਪੰਜਾਬ ਪੁਲਸ ਅਤੇ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਵਿਚਾਲੇ ਇਕ ਉੱਚ ਪੱਧਰੀ ਬੈਠਕ ਵੀ ਹੋਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ 21 ਨਵੰਬਰ 2020 ਨੂੰ ਇਕ ਪੱਤਰ ਕੇਂਦਰ ਸਰਕਾਰ ਨੂੰ ਭੇਜਿਆ ਸੀ, ਜਿਸ ’ਚ ਉਨ੍ਹਾਂ ਨੇ ਅੰਮ੍ਰਿਤਸਰ ਸੈਕਟਰ ’ਚ ਅਗਸਤ 2019 ’ਚ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਸੁੱਟੇ ਗਏ ਹਥਿਆਰਾਂ ਦਾ ਜ਼ਿਕਰ ਕੀਤਾ ਸੀ। ਇਨ੍ਹਾਂ ਹਥਿਆਰਾਂ ’ਚ ਚੀਨ ਵੱਲੋਂ ਬਣਾਈਆਂ ਰਾਈਫਲਾਂ ਅਤੇ ਪਿਸਤੌਲ ਵੀ ਸ਼ਾਮਲ ਸਨ।
ਮੁੱਖ ਮੰਤਰੀ ਨੇ ਆਪਣੇ ਪੱਤਰ ’ਚ ਇਸ ਗੱਲ ਨੂੰ ਲੈ ਕੇ ਡੂੰਘੀ ਚਿੰਤਾ ਜਤਾਈ ਕਿ ਲੰਬੀ ਦੂਰੀ ਦੀ ਮਾਰ ਵਾਲੇ ਹਥਿਆਰਾਂ ਨੂੰ ਭਾਰਤੀ ਖੇਤਰ ’ਚ ਭੇਜਣਾ ਪਾਕਿਸਤਾਨ ਅਤੇ ਉਸ ਦੀਆਂ ਏਜੰਸੀਆਂ ਦੀ ਖਤਰਨਾਕ ਸਾਜ਼ਿਸ਼ ਹੋ ਸਕਦੀ ਹੈ। ਵੱਡੇ ਆਕਾਰ ਦੇ ਡਰੋਨ ਪੰਜਾਬ ’ਚ ਭੇਜਣ ਨਾਲ ਰਾਸ਼ਟਰੀ ਸੁਰੱਖਿਆ ਨੂੰ ਵੀ ਇਕ ਗੰਭੀਰ ਖ਼ਤਰਾ ਹੋ ਸਕਦਾ ਹੈ। ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਵੀ ਪਿਛਲੇ ਦਿਨੀਂ ਡਰੋਨ ਰਾਹੀਂ ਹੋਣ ਵਾਲੇ ਖ਼ਤਰ‌ਿਆਂ ਨੂੰ ਲੈ ਕੇ ਸੁਚੇਤ ਕੀਤਾ ਸੀ ਅਤੇ ਕਿਹਾ ਸੀ ਕਿ ਪੰਜਾਬ ਨੂੰ ਲਗਾਤਾਰ ਡਰੋਨ ਰਾਹੀਂ ਹੋਣ ਵਾਲੇ ਹਮਲਿਆਂ ਨੂੰ ਲੈ ਕੇ ਚੌਕਸ ਰਹਿਣਾ ਚਾਹੀਦਾ ਹੈ।