ਕੀ ਤੁਸੀਂ ਕਿਸੇ ਸ਼ੋਅ ਦੇ ਸਟਾਰ ਹੋ ਜਾਂ ਫ਼ਿਰ ਕਿਸੇ ਕਹਾਣੀ ਵਿਚਲੇ ਖ਼ਲਨਾਇਕ? ਕੁਝ ਹੱਦ ਤਕ, ਇਹ ਇਸ ਗੱਲ ‘ਤੇ ਨਿਰਭਰ ਕਰਦੈ ਕਿ ਅਸੀਂ ਪੁੱਛਦੇ ਕਿਸ ਨੂੰ ਹਾਂ, ਅਤੇ ਉਨ੍ਹਾਂ ਨੂੰ ਕਦੋਂ ਇਹ ਸਵਾਲ ਪੁੱਛਦੇ ਹਾਂ! ਤੁਸੀਂ ਇੱਕ ਤਾਕਤਵਰ ਕਿਰਦਾਰ ਦੇ ਮਾਲਿਕ ਹੋ। ਤੁਸੀਂ ਦੂਸਰਿਆਂ ‘ਤੇ ਆਪਣੀ ਚੰਗੀ ਛਾਪ ਛੱਡਦੇ ਹੋ। ਅਤੇ ਆਪਣੀ ਨਾ-ਸਮਝੌਤਾਵਾਦੀ ਤਬੀਅਤ ਕਾਰਨ, ਜਦੋਂ ਉਨ੍ਹਾਂ ਦੇ ਤੌਰ-ਤਰੀਕੇ ਅਜਿਹੇ ਰਵੱਈਏ ਦੇ ਹੱਕਦਾਰ ਹੋਣ ਤਾਂ ਤੁਹਾਨੂੰ ਆਪਣੇ ਸਹਿਯੋਗੀਆਂ ਨੂੰ ਨਾਰਾਜ਼ ਕਰਨ ਜਾਂ ਆਪਣੇ ਵਿਰੋਧੀਆਂ ਦੀ ਪ੍ਰਸ਼ੰਸਾ ਕਰਨ ਤੋਂ ਵੀ ਸੰਕੋਚ ਨਹੀਂ। ਹੁਣ, ਇੱਕ ਵਾਰ ਫ਼ਿਰ, ਤੁਹਾਡੇ ਕੋਲ ਉਹ ਕਰਨ ਦੀ ਚੋਣ ਹੈ ਜੋ ਠੀਕ ਹੈ ਜਾਂ ਉਹ ਜੋ ਲੋਕਾਂ ਨੂੰ ਪਸੰਦ ਹੈ। ਇਨ੍ਹਾਂ ਦੋਹਾਂ ਚੀਜ਼ਾਂ ‘ਚ ਕੋਈ ਮੁਕਾਬਲਾ ਹੀ ਨਹੀਂ। ਆਪਣੇ ਮਨ ਦੀ ਸੁਣੋ ਅਤੇ ਉਸੇ ‘ਤੇ ਵਿਸ਼ਵਾਸ ਕਰੋ।

ਸਾਡੇ ਸੰਸਾਰ ‘ਚ ਉਸ ਤੋਂ ਕਿਤੇ ਵੱਧ ਨਾਇਨਸਾਫ਼ੀ, ਭੁੱਖ ਅਤੇ ਮੱਕਾਰੀ ਮੌਜੂਦ ਹੈ ਜਿੰਨੀ ਹੋਣੀ ਚਾਹੀਦੀ ਸੀ। ਕਈ ਲੋਕ ਦੂਸਰਿਆਂ ਨਾਲ ਬੇਅਦਬੀ ਨਾਲ ਪੇਸ਼ ਆਉਂਦੇ ਹਨ ਅਤੇ, ਅਕਸਰ, ਇੰਝ ਲੱਗਦੈ ਜਿਵੇਂ ਅਜਿਹਾ ਕਰਨ ਮਗਰੋਂ ਵੀ ਉਨ੍ਹਾਂ ਦਾ ਕੁਝ ਨਹੀਂ ਵਿਗੜਦਾ। ਅਜਿਹਾ ਰਵੱਈਆ ਉਨ੍ਹਾਂ ਨੂੰ ਸਫ਼ਲ ਤਾਂ ਬਣਾ ਸਕਦਾ ਹੈ, ਪਰ ਇਹ ਉਨ੍ਹਾਂ ਨੂੰ ਸੱਚਮੁੱਚ ਦੀ ਖ਼ੁਸ਼ੀ ਨਹੀਂ ਦੇ ਸਕਦਾ। ਇਹ ਉਨ੍ਹਾਂ ਦੀ ਸੰਵੇਦਨਸ਼ੀਲ ਹੋਣ ਦੀ ਕਾਬਲੀਅਤ ਨੂੰ ਖੋਰਦੈ। ਇਹ ਉਨ੍ਹਾਂ ਦੀ ਨੇਕਨੀਅਤੀ ਦੀ ਸਮਰੱਥਾ ਨੂੰ ਨਸ਼ਟ ਕਰਦੈ। ਇਹ ਉਨ੍ਹਾਂ ਨੂੰ ਜੀਵਨ ਦੇ ਸੂਖਮ ਆਨੰਦਾਂ ਨੂੰ ਮਾਣਨ ਤੋਂ ਵਾਂਝਾ ਰੱਖਦੈ। ਤੁਹਾਡਾ ਜ਼ਮੀਰ, ਬਾਵਜੂਦ ਇਸ ਦੇ ਕਿ ਕਦੇ ਕਦਾਈਂ ਤੁਸੀਂ ਉਸ ਬਾਰੇ ਕਿਵੇਂ ਮਹਿਸੂਸ ਕਰਦੇ ਹੋ, ਤੁਹਾਡੀ ਕਮਜ਼ੋਰੀ ਨਹੀਂ। ਇਹ ਤੁਹਾਡਾ ਸਭ ਕੀਮਤੀ ਗੁਣ ਹੈ, ਤੁਹਾਡੀ ਵਡਮੁੱਲੀ ਜਾਇਦਾਦ। ਜੋ ਇਹ ਤੁਹਾਨੂੰ ਦੱਸ ਰਿਹਾ ਉਸ ‘ਤੇ ਅਮਲ ਕਰੋ।

ਇਸ ਵਕਤ, ਆਪਣੀ ਭਾਵਨਾਤਮਕ ਜ਼ਿੰਦਗੀ ‘ਚ, ਤੁਹਾਨੂੰ ਇੱਕ ਤਰ੍ਹਾਂ ਦਾ ਤਵਾਜ਼ਨ ਮਿਲ ਰਿਹਾ ਹੈ। ਤਵਾਜ਼ਨ ਹਮੇਸ਼ਾ ਚੰਗਾ ਹੁੰਦੈ। ਇਸ ‘ਤੇ ਤੁਸੀਂ ਹੋਰ ਉਸਾਰੀ ਕਰ ਸਕਦੇ ਹੋ। ਇਹ ਸਥਿਰਤਾ ਬਖ਼ਸ਼ਦੈ। ਇਹ, ਪਰ, ਉਨ੍ਹਾਂ ਨੂੰ ਬਹੁਤਾ ਆਕਰਸ਼ਿਤ ਨਹੀਂ ਕਰਦਾ ਜਿਹੜੇ ਲੋਕ ਅਨਿਸ਼ਚਿਤਤਾ ਦਾ ਰੋਮਾਂਚ ਭਾਲਦੇ ਨੇ। ਤੁਸੀਂ ਕਿਸੇ ਨੀਰਸ ਸਥਾਨ ‘ਤੇ ਪਹੁੰਚਣ ਬਾਰੇ ਥੋੜ੍ਹੇ ਚਿੰਤਤ ਹੋ; ਕਿਸੇ ਅਜਿਹੇ ਸਮਝੌਤੇ ‘ਚ ਆਪਣਾ ਰੋਲ ਅਦਾ ਕਰਨ ਬਾਰੇ ਵੀ ਜਿਸ ਨੂੰ ਨਿਭਾਉਣਾ ਤੁਹਾਡੇ ਲਈ ਮੁਸ਼ਕਿਲ ਹੋਵੇਗਾ। ਪਰ ਸੱਚੀਂ, ਜਿਹੜੀ ਦ੍ਰਿੜਤਾ ਤੁਸੀਂ ਮਹਿਸੂਸ ਕਰ ਰਹੇ ਹੋ; ਉਸ ਲਈ ਜਿਹੜੀ ਕੋਸ਼ਿਸ਼ ਤੁਸੀਂ ਕਰ ਰਹੇ ਹੋ ਅਤੇ ਜਿਹੋ ਜਿਹੀ ਵਚਨਬੱਧਤਾ ਦਾ ਤੁਸੀਂ ਮੁਜ਼ਾਹਰਾ ਕਰ ਰਹੇ ਹੋ, ਉਸ ਤੋਂ ਤੁਸੀਂ ਕੇਵਲ ਲਾਹਾ ਹੀ ਖੱਟ ਸਕਦੇ ਹੋ, ਭਾਵੇਂ ਕਦੇ ਕਦੇ ਤੁਹਾਨੂੰ ਇਹ ਆਪਣੀ ਵਿੱਤੋਂ ਥੋੜ੍ਹਾ ਬਾਹਰ ਹੀ ਕਿਉਂ ਨਾ ਲੱਗਦਾ ਹੋਵੇ।

ਅਸੀਂ ਚਾਹੇ ਜਿੰਨਾ ਮਰਜ਼ੀ ਸੋਚਦੇ ਰਹੀਏ ਕਿ ਅਸੀਂ ਮਨੋਵਿਗਿਆਨ ਨੂੰ ਸਮਝਦੇ ਹਾਂ, ਪਰ ਕੀ ਅਸੀਂ ਸਾਰੇ ਹੀ ਪਲੇਅਗਰਾਊਂਡ ‘ਚ ਦੌੜਦੇ-ਭੱਜਦੇ ਉਨ੍ਹਾਂ ਨਿਆਣਿਆਂ ਵਾਂਗ ਨਹੀਂ ਜਿਨ੍ਹਾਂ ਦੇ ਹਾਵ-ਭਾਵ ‘ਚ ਇੱਕ ਬੇਬਾਕ ਜਿਹਾ ਗ਼ੁਸਤਾਖ਼ ਰਵੱਈਆ ਤਾਂ ਝਲਕਦੈ, ਪਰ ਉਨ੍ਹਾਂ ਪਾਸ ਉਸ ਲਈ ਕੋਈ ਜਾਇਜ਼ ਸਪੱਸ਼ਟੀਕਰਨ ਨਹੀਂ ਹੁੰਦਾ? ਜਿਸ ਪ੍ਰਕਿਰਿਆ ‘ਚੋਂ ਤੁਸੀਂ ਹੁਣ ਲੰਘਣ ਲੱਗੇ ਹੋ, ਤੁਹਾਨੂੰ ਉਸ ਦਾ ਫ਼ਾਇਦਾ ਹੀ ਹੋਵਗਾ। ਪਰ ਪਹਿਲਾਂ ਤੁਹਾਨੂੰ ਉਸ ਜਗ੍ਹਾ ‘ਤੇ ਪਹੁੰਚਣਾ ਪੈਣੈ ਜਿੱਥੇ ਤੁਸੀਂ ਇਹ ਕਬੂਲ ਕਰ ਸਕੋ ਕਿ ਕਿਸੇ ਵਿਅਕਤੀ ਜਾਂ ਸ਼ੈਅ ਬਾਰੇ ਤੁਹਾਡੀ ਮੌਜੂਦਾ ਜਾਣਕਾਰੀ ਨਾਕਾਫ਼ੀ ਹੈ। ਮੁਕਾਬਲੇ ਲਈ ਤਿਆਰ ਰਹੋ ਅਤੇ ਫ਼ਿਰ ਤੁਹਾਡੇ ਭਾਵਨਾਤਮਕ ਜੀਵਨ ‘ਚ ਜੋ ਕੁਝ ਵੀ ਸਾਹਮਣੇ ਆਉਂਦੈ ਜਾਂ ਪ੍ਰਗਤੀ ਹੁੰਦੀ ਹੈ ਉਸ ਲਈ ਪ੍ਰਸੰਨ ਹੋਵੋ।

ਉਹ ਇੱਥੇ ਹੈ! ਉਹ ਪਹੁੰਚ ਚੁੱਕੈ! ਸਾਨੂੰ ਉਸ ਦਾ ਸਵਾਗਤ ਕਰਨਾ ਚਾਹੀਦੈ ਕਿਉਂਕਿ ਅਸੀਂ ਉਸ ਲਈ ਸਬਰ ਨਾਲ ਬਹੁਤ ਲੰਬੇ ਅਰਸੇ ਤੋਂ ਇੰਤਜ਼ਾਰ ਕਰ ਰਹੇ ਸਾਂ। ਉਹ ਕੀ ਹੈ? ਕੀ ਮਤਲਬ ਤੁਹਾਡਾ? ਮੈਨੂੰ ਇਹ ਨਾ ਦੱਸੋ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਉਹ ਕੌਣ ਜਾਂ ਕੀ ਹੈ! ਆਪਣੇ ਆਲੇ-ਦੁਆਲੇ ਦੇਖੋ। ਇਹੀ ਤਾਂ ਉਹ ਹੈ। ਭਵਿੱਖ! ਤੁਸੀਂ ਸੋਚਦੇ ਸੀ ਕਿ ਇਹ ਕਦੇ ਵੀ ਨਹੀਂ ਆਵੇਗਾ। ਕੀ ਇਹ ਤੁਹਾਡੇ ਹਾਲੀਆ ਅਤੀਤ ਤੋਂ ਬਹੁਤ ਵੱਖਰਾ ਜਾਪਦੈ? ਇੱਕ ਵਾਰ ਫ਼ਿਰ ਉਸ ਨੂੰ ਦੇਖੋ। ਵਧੇਰੇ ਡੂੰਘਾਈ ਨਾਲ ਉਸ ਨੂੰ ਘੋਖੋ। ਇਹ ਵੀ ਸੋਚੋ ਕਿ ਇਸ ਅਸਲੀ ਮੌਕੇ ਦਾ ਹੁਣ ਤੁਸੀਂ ਕਰਨਾ ਕੀ ਹੈ? ਆ ਹੈ ਉਹ ਮੌਕਾ ਜਿਸ ਦੇ ਤੁਸੀਂ ਹੱਕਦਾਰ ਸੀ, ਅਤੇ ਉਹ ਤੋਹਫ਼ਾ ਜਿਸ ਲਈ ਸ਼ੁਕਰਗ਼ੁਜ਼ਾਰ ਹੋਣ ਦੇ ਤੁਹਾਡੇ ਕੋਲ ਬਹੁਤ ਸਾਰੇ ਕਾਰਨ ਹਨ। ਬਹੁਤ ਚੰਗਾ ਸਮਾਂ ਹੋਣ ਵਾਲਾ ਹੈ, ਇਹ!