ਜਲੰਧਰ/ਅੰਮ੍ਰਿਤਸਰ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਬਿਜਲੀ ਦੇ ਮੁੱਦੇ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖੇ ਨਿਸ਼ਾਨੇ ਸਾਧੇ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੰਮੇ ਹੱਥੀਂ ਲਿਆ। ਬੀਤੇ ਦਿਨ ਚੰਡੀਗੜ੍ਹ ਵਿਖੇ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਕੀਤੇ ਗਏ ਐਲਾਨ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਕੌਣ ਹੁੰਦਾ ਹੈ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਨ ਵਾਲਾ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਤਾਂ ਕੇਜਰੀਵਾਲ 200 ਯੂਨਿਟ ਮੁਫ਼ਤ ਬਿਜਲੀ ਦੇ ਰਿਹਾ ਹੈ ਤਾਂ ਪੰਜਾਬ ’ਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਝੂਠਾ ਵਾਅਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਹੈ ਤਾਂ ਪਹਿਲਾਂ ਦਿੱਲੀ ਵਿਚ 200 ਦੀ ਬਜਾਏ ਫਿਰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕਰੇ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੀਤੇ ਦਿਨ ਜਦੋਂ ਮੀਡੀਆ ਨੇ ਕੇਜਰੀਵਾਲ ਨੂੰ ਪੁੱਛਿਆ ਕਿ ਜੇਕਰ 300 ਤੋਂ ਇਕ ਯੂਨਿਟ ਵੀ ਵੱਧ ਹੋ ਜਾਵੇ ਤਾਂ ਫਿਰ ਕੇਜਰੀਵਾਲ ਨੇ ਕਿਹਾ ਕਿ ਸਾਰੇ 300 ਯੂਨਿਟ ’ਤੇ ਬਿੱਲ ਲੱਗੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਵਿਚ ਵੀ ਤਾਂ ਇਹੀ ਕੁਝ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਕਿਹੜਾ ਕੋਈ ਸੀ. ਐੱਮ. ਫੇਸ ਹੈ, ਜੋ ਇਹੋ ਜਿਹਾ ਬਿਆਨ ਦੇ ਸਕਦਾ ਹੈ। ਕੇਜਰੀਵਾਲ ਨੂੰ ਨਾਂ ਵੋਟਾਂ ਮਿਲੀਆਂ ਤਾਂ ਅਸੀਂ ਕੋਈ ਕੇਜਰੀਵਾਲ ਨੂੰ ਖੋੜ੍ਹਾ ਫੜ ਸਕਦੇ ਹਾਂ। ਉਨ੍ਹਾਂ ਹੋਰ ਨਿਸ਼ਾਨਾ ਸਾਧਦੇ ਕਿਹਾ ਕਿ ਜਿੱਥੋਂ ਦਾ ਕੇਜਰੀਵਾਲ ਮੁੱਖ ਮੰਤਰੀ ਹੈ, ਫਿਰ ਉਥੇ ਕਿਉਂ 200 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਤਾਂ ਪੰਜਾਬ ਬਾਰੇ ਪਤਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਥੇ ਆ ਕੇ ਉਹ 24 ਘੰਟੇ ਬਿਜਲੀ ਦੇਣ ਦਾ ਐਲਾਨ ਕਰਦਾ ਹੈ। ਉਨ੍ਹਾਂ ਕਿਹਾ ਕਿ 24 ਘੰਟੇ ਬਿਜਲੀ ਦੇਣ ਦਾ ਐਲਾਨ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸੀ ਪਰ ਕੈਪਟਨ ਦੀ ਨਾਲਾਇਕੀ ਹੈ, ਜੋ ਥਰਮਲ ਪਲਾਂਟ ਬੰਦ ਕੀਤੇ ਹੋਏ ਹਨ। ਉਹ ਇਨ੍ਹਾਂ ਥਰਮਲ ਪਲਾਂਟਾਂ ਨੂੰ ਆਖਿਰ ਕਿਉਂ ਨਹੀਂ ਚਲਾ ਰਹੇ।
ਪੰਜਾਬ ’ਚ ਬਿਜਲੀ ਪੂਰੀ ਕਰਨਾ ਸਰਕਾਰ ਲਈ 5 ਮਿੰਟਾਂ ਦਾ ਕੰਮ ਪਰ ਕੈਪਟਨ ਦੀ ਨੀਅਤ ਸਾਫ਼ ਨਹੀਂ
ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਕੋਈ ਪਲਾਨਿੰਗ ਨਹੀਂ ਹੈ ਤਾਂ ਹੀ ਅੱਜ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦੀ ਬਜਾਏ 4 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਬਿਜਲੀ ਪੂਰੀ ਕਰਨਾ ਸਰਕਾਰ ਲਈ 5 ਮਿੰਟਾਂ ਦਾ ਕੰਮ ਪਰ ਕੈਪਟਨ ਦੀ ਨੀਅਤ ਹੀ ਸਾਫ਼ ਨਹੀਂ ਹੈ। ਉਥੇ ਹੀ ਕੋਰੋਨਾ ਵੈਕਸੀਨ ਦੇ ਮੁੱਦੇ ’ਤੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵੈਕਸੀਨ ਨੂੰ ਲੈ ਕੇ ਵੀ ਪੰਜਾਬ ਸਰਕਾਰ ਦੀ ਕੋਈ ਪਲਾਨਿੰਗ ਹੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਜੇਕਰ ਇਹ ਪੁੱਛ ਲਿਆ ਜਾਵੇ ਕਿ ਹੁਣ ਤੱਕ ਕਿੰਨੀ ਵੈਕਸੀਨ ਲੱਗੀ ਹੈ ਤਾਂ ਉਹ ਵੀ ਉਨ੍ਹਾਂ ਨੂੰ ਨਹੀਂ ਪਤਾ ਹੋਣਾ। ਸਭ ਤੋਂ ਘੱਟ ਵੈਕਸੀਨ ਦੇ ਸੂਬਿਆਂ ’ਚ ਪੰਜਾਬ ਦਾ ਨਾਂ ਆ ਰਿਹਾ ਹੈ ਇਸ ਦਾ ਕਾਰਨ ਇਹ ਹੈ ਕਿ ਪੰਜਾਬ ਦੀ ਸਰਕਾਰ ਹੀ ਨਾਲਾਇਕ ਹੈ। ਵੈਕਸੀਨ ਦੇ ਮਾਮਲੇ ’ਚ ਪੰਜਾਬ ਹੇਠਾਂ ਜਾ ਰਿਹਾ ਹੈ ਅਤੇ ਇਥੇ ਬਿਜਲੀ ਮਹਿੰਗੀ ਹੋ ਰਹੀ ਹੈ।
ਸਿੱਧੂ ਇਕ ਮਿਸਗਾਈਡ ਮਿਜ਼ਾਇਲ, ਜੋ ਕਿਸੇ ਵੀ ਦਿਸ਼ਾ ’ਚ ਕਰ ਸਕਦੀ ਹੈ ‘ਹਿੱਟ’
ਨਵਜੋਤ ਸਿੰਘ ਸਿੱਧੂ ’ਤੇ ਵੀ ਨਿਸ਼ਾਨੇ ਸਾਧਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮਿਸਗਾਈਡ ਮਿਜ਼ਾਇਲ ਹਨ, ਜਿਸ ਦਾ ਕੋਈ ਕੰਟਰੋਲ ਨਹੀਂ ਹੈ ਅਤੇ ਅਜਿਹੀ ਮਿਜ਼ਾਇਲ ਕਿਸੇ ਵੀ ਦਿਸ਼ਾ ’ਚ ਹਿੱਟ ਕਰ ਸਕਦੀ ਹੈ। ਨਵਜੋਤ ਸਿੰਘ ਸਿੱਧੂ ਇਕ ਹੀ ਡਾਇਲਾਗ ਬੋਲ ਕੇ ਸਾਰਿਆਂ ਨੂੰ ਖੁਸ਼ ਕਰ ਦਿੰਦਾ ਹੈ, ਸਿੱਧੂ ਦੀ ਆਪਣੇ ਕੈਰੀਅਰ ਵਿਚ ਕਿਸੇ ਨਾਲ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਐਕਟਿੰਗ ਨਾਲਾ ਨੇਤਾ ਨਹੀਂ ਸਗੋਂ ਪੰਜਾਬ ਨੂੰ ਇਕ ਸੋਭਰ ਨੇਤਾ ਚਾਹੀਦਾ ਹੈ, ਜੋ ਪੰਜਾਬ ਦੀ ਅਗਵਾਈ ਕਰ ਸਕੇ ਅਤੇ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੇ। ਪੰਜਾਬ ਨੂੰ ਕੋਈ ਐਕਟਿੰਗ ਵਾਲਾ ਨੇਤਾ ਨਹੀਂ ਚਾਹੀਦਾ।