ਨਵੀਂ ਦਿੱਲੀ – ਪ੍ਰਮੁੱਖ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਈ.ਟੀ. ਨਿਯਮਾਂ ਦੇ ਤਹਿਤ 2 ਜੁਲਾਈ ਨੂੰ ਅੰਤਰਿਮ ਰਿਪੋਰਟ ਪੇਸ਼ ਕਰੇਗੀ ਅਤੇ 15 ਮਈ ਤੋਂ 15 ਜੂਨ ਦਰਮਿਆਨ ਸਰਗਰਮ ਰੂਪ ਨਾਲ ਹਟਾਈ ਗਈ ਸਮੱਗਰੀ ਬਾਰੇ ਜਾਣਕਾਰੀ ਦੇਵੇਗੀ। ਨਾਲ ਹੀ ਫੇਸਬੁੱਕ ਨੇ ਕਿਹਾ ਕਿ ਅੰਤਿਮ ਰਿਪੋਰਟ 15 ਜੁਲਾਈ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ, ਜਿਸ ’ਚ ਉਸ ਨੂੰ ਮਿਲੀਆਂ ਸ਼ਿਕਾਇਤ ਅਤੇ ਉਸ ’ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਹੋਵੇਗਾ। ਨਵੇਂ ਆਈ. ਟੀ. ਨਿਯਮ 26 ਮਈ ਤੋਂ ਲਾਗੂ ਹੋਏ ਹਨ ਅਤੇ ਇਸ ਦੇ ਤਹਿਤ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਹਰ ਮਹੀਨੇ ਪਾਲਣਾ ਰਿਪੋਰਟ ਪ੍ਰਕਾਸ਼ਿਤ ਕਰਨੀ ਹੋਵੇਗੀ, ਜਿਸ ’ਚ ਉਨ੍ਹਾਂ ਨੂੰ ਮਿਲੀਆਂ ਸ਼ਿਕਾਇਤਾਂ ਅਤੇ ਉਨ੍ਹਾਂ ’ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਹੋਵੇਗਾ।
ਫੇਸਬੁੱਕ ਦੇ ਇਕ ਬੁਲਾਰੇ ਨੇ ਕਿਹਾ ਕਿ ਆਈ. ਟੀ. ਨਿਯਮਾਂ ਮੁਤਾਬਕ ਅਸੀਂ 15 ਮਈ ਤੋਂ 15 ਜੂਨ ਦੀ ਮਿਆਦ ਲਈ ਦੋ ਜੁਲਾਈ ਨੂੰ ਇਕ ਅੰਤਰਿਮ ਰਿਪੋਰਟ ਪ੍ਰਕਾਸ਼ਿਤ ਕਰਨਗੇ। ਇਸ ਰਿਪੋਰਟ ’ਚ ਉਨ੍ਹਾਂ ਸਮੱਗਰੀ ਦਾ ਵੇਰਵਾ ਹੋਵੇਗਾ, ਜਿਸ ਨੂੰ ਅਸੀਂ ਆਪਣੇ ਆਟੋਮੈਟਿਕ ਟੂਲ ਦੀ ਵਰਤੋਂ ਕਰ ਕੇ ਹਟਾਇਆ ਹੈ। ਬੁਲਾਰੇ ਨੇ ਕਿਹਾ ਕਿ ਅੰਤਿਮ ਰਿਪੋਰਟ 15 ਜੁਲਾਈ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ, ਜਿਸ ’ਚ ਪ੍ਰਾਪਤ ਸ਼ਿਕਾਇਤਾਂ ਅਤੇ ਉਨ੍ਹਾਂ ’ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਹੋਵੇਗਾ।