ਹੈਦਰਾਬਾਦ- ਜੰਮੂ ਹਵਾਈ ਅੱਡੇ ‘ਤੇ ਸਥਿਤ ਹਵਾਈ ਫ਼ੌਜ ਸਟੇਸ਼ਨ ‘ਤੇ ਐਤਵਾਰ ਤੜਕੇ 2 ਡਰੋਨਾਂ ਨਾਲ ਬੰਬ ਸੁੱਟੇ ਜਾਣ ਅਤੇ ਇਸ ਮਾਮਲੇ ‘ਚ ਹਵਾਈ ਫ਼ੌਜ ਦੇ 2 ਕਰਮੀ ਜ਼ਖਮੀ ਹੋਣ ਤੋਂ ਬਾਅਦ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲੀਮੀਨ (ਏ.ਆਈ.ਐੱਮ.ਆਈ.ਐੱਮ.) ਚੀਫ਼ ਅਸਦੁਦੀਨ ਓਵੈਸੀ ਨੇ ਭਾਰਤ ਸਰਕਾਰ ਤੋਂ ਇਕ ਵਾਰ ਫਿਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਓਵੈਸੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਉਸ ਤਰ੍ਹਾਂ ਦਾ ਹੀ ਐਕਸ਼ਨ ਲੈਣਾ ਚਾਹੀਦਾ, ਜਿਸ ਤਰ੍ਹਾਂ ਉਸ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ‘ਤੇ ਲਿਆ ਸੀ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਓਵੈਸੀ ਨੇ ਕਿਹਾ,”ਡਰੋਨ ਨੇ ਕਾਫ਼ੀ ਲੰਬੀ ਦੂਰੀ ਤੈਅ ਕੀਤੀ ਅਤੇ ਅਜਿਹਾ ਲੱਗਦਾ ਹੈ ਕਿ ਇਹ ਅਮਰੀਕਾ ਜਾਂ ਫਿਰ ਚੀਨ ਦਾ ਬਣਿਆ ਹੈ। ਇਹ ਜੰਮੂ ਏਅਰ ਬੇਸ ‘ਤੇ ਪੁਲਵਾਮਾ ਵਰਗਾ ਹਮਲਾ ਹੈ।
ਓਵੈਸੀ ਨੇ ਅੱਗੇ ਕਿਹਾ,”ਹੁਣ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਉਹ ਪਾਕਿਸਤਾਨ ਨਾਲ ਕੀ ਗੱਲ ਕਰ ਰਹੇ ਹਨ? ਕੀ ਮੋਦੀ ਸਰਕਾਰ ਇਸ ਦਾ ਜਵਾਬ ਦੇਵੇਗੀ? ਉਸ ਨੂੰ ਉਸੇ ਤਰ੍ਹਾਂ ਦਾ ਜਵਾਬ ਦਿੱਤਾ ਜਾਣਾ ਚਾਹੀਦਾ, ਜਿਸ ਤਰ੍ਹਾਂ ਪੁਲਵਾਮਾ ਹਮਲੇ ਤੋਂ ਬਾਅਦ ਦਿੱਤਾ ਗਿਆ ਸੀ।” ਓਵੈਸੀ ਨੇ ਕਿਹਾ ਕਿ ਅਸੀਂ ਹਰ ਸਾਲ ਰਾਸ਼ਟਰੀ ਸੁਰੱਖਿਆ ‘ਤੇ 3 ਲੱਖ ਕਰੋੜ ਰੁਪਏ ਖਰਚ ਕਰਦੇ ਹਾਂ। ਇਕ ਏਅਰਬੇਸ ‘ਤੇ ਕੋਈ ਹਵਾਈ ਸੁਰੱਖਿਆ ਕਿਉਂ ਨਹੀਂ ਸੀ? ਪੈਸਾ ਕਿੱਥੇ ਜਾ ਰਿਹਾ ਹੈ? ਦੱਸਣਯੋਗ ਹੈ ਕਿ ਜੰਮੂ ‘ਚ ਐਤਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਸਟੇਸ਼ਨ ‘ਤੇ ਐਤਵਾਰ ਤੜਕੇ ਡਰੋਨ ਹਮਲਾ ਹੋਇਆ, ਜਿਸ ‘ਚ 2 ਜਵਾਨ ਜ਼ਖਮੀ ਹੋ ਗਏ ਸਨ।