ਵਾਸ਼ਿੰਗਟਨ : ਚੀਨ ਨਾਲ ਮੁਕਾਬਲਾ ਕਰਨ ਲਈ ਅਮਰੀਕਾ ਵੱਡੇ ਪੱਧਰ ‘ਤੇ ਖ਼ਰਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸੀਨੇਟ ਦੇ ਮੁਤਾਬਕ ਚੀਨ ਅਮਰੀਕਾ ਲਈ ਸਭ ਤੋਂ ਵੱਡੀ ਭੂ-ਰਾਜਨੀਤਕ ਅਤੇ ਭੂ-ਆਰਥਿਕ ਚੁਣੌਤੀ ਹੈ, ਇਸ ਕਾਰਨ ਅਮਰੀਕਾ ਨੇ ‘ਦਿ ਯੂਨਾਈਟਿਡ ਸਟੇਟਸ ਇਨੋਵੇਸ਼ਨ ਐਂਡ ਕੰਪੀਟੀਸ਼ਨ ਐਕਟ-2021 ਬਿੱਲ’ ਪਾਸ ਕੀਤਾ ਹੈ, ਤਾਂ ਜੋ ਕਰੀਬ 250 ਬਿਲੀਅਨ ਡਾਲਰ ਨਾਲ ਜ਼ਿਆਦਾ ਖ਼ਰਚ ਕਰਕੇ ਅਮਰੀਕਾ ਨੂੰ ਤਕਨੀਕੀ ਸੋਧ ਅਤੇ ਉਤਪਾਦਨ ‘ਚ ਸਿਖ਼ਰ ‘ਤੇ ਰੱਖਿਆ ਜਾ ਸਕੇ।
ਦੱਸਣਯੋਗ ਹੈ ਕਿ ਇਹ ਬਿੱਲ ਰਿਪਬਲਿਕਨਜ਼ ਅਤੇ ਡੈਮੋਕ੍ਰੇਟਿਕ ਪਾਰਟੀਆਂ ਦੋਹਾਂ ‘ਚ ਆਮ ਸਹਿਮਤੀ ਨਾਲ ਤਿਆਰ ਕੀਤਾ ਗਿਆ ਹੈ, ਜਦੋਂ ਕਿ ਅਜਿਹਾ ਬੇਹੱਦ ਘੱਟ ਹੁੰਦਾ ਹੈ ਕਿ ਦੋਹਾਂ ਪਾਰਟੀਆਂ ‘ਚ ਸਹਿਮਤੀ ਬਣਦੀ ਹੋਵੇ। 100 ਮੈਂਬਰੀ ਸੀਨੇਟ ‘ਚ 68 ਵੋਟਾਂ ਇਸ ਦੇ ਪੱਖ ‘ਚ ਪਈਆਂ, ਜਦੋਂ ਕਿ 32 ਵੋਟਾਂ ਇਸ ਦੇ ਖ਼ਿਲਾਫ਼। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਇਤਿਹਾਸ ‘ਚ ਇਹ ਸਭ ਤੋਂ ਵੱਡੇ ਉਦਯੋਗਿਕ ਪੈਕਜ ‘ਚੋਂ ਇੱਕ ਹੈ ਅਤੇ ਪਿਛਲੇ ਕਈ ਦਹਾਕਿਆਂ ‘ਚ ਵਿਗਿਆਨਿਕ ਸੋਧ ‘ਚ ਇਹ ਦੇਸ਼ ‘ਚ ਸਭ ਤੋਂ ਵੱਡਾ ਨਿਵੇਸ਼ ਹੈ।
ਬਿੱਲ ਦਾ ਮਕਸਦ ਕਈ ਤਰ੍ਹਾਂ ਦੇ ਉਪਾਵਾਂ ਨਾਲ ਚੀਨ ਨਾਲ ਮੁਕਾਬਲੇ ਨੂੰ ਮਜ਼ਬੂਤ ਕਰਨਾ ਹੈ। ਇਸ ਕਾਨੂੰਨ ਤਹਿਤ ਚੀਨੀ ਕੰਪਨੀਆਂ ਰਾਹੀਂ ਡਰੋਨ ਦੀ ਖ਼ਰੀਦ ਜਾਂ ਉਸ ਨੂੰ ਵੇਚਣ ‘ਤੇ ਪਾਬੰਦੀ ਰਹੇਗੀ।