ਨਵੀਂ ਦਿੱਲੀ : ਦਿੱਲੀ ਦੀ ਇੱਕ ਅਦਾਲਤ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਦੀਪ ਸਿੱਧੂ ਤੇ ਹੋਰਾਂ ਖ਼ਿਲਾਫ਼ ਤਾਜ਼ਾ ਸੰਮਨ ਜਾਰੀ ਕੀਤੇ ਹਨ। ਚੀਫ ਮੈਟਰੋਪੋਲਿਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ ਨੇ ਸਾਰੇ ਮੁਲਜ਼ਮਾਂ ਨੂੰ 12 ਜੁਲਾਈ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ।
ਅਦਾਲਤ ਨੂੰ ਦੱਸਿਆ ਗਿਆ ਸੀ ਕਿ ਉਸ ਨੇ ਜੋ ਪਹਿਲਾਂ ਸੰਮਨ ਜਾਰੀ ਕੀਤੇ ਸਨ, ਉਹ ਮੁਲਜ਼ਮਾਂ ਨੂੰ ਨਹੀਂ ਮਿਲੇ। ਇਸ ਤੋਂ ਬਾਅਦ ਅੱਜ ਅਦਾਲਤ ਨੇ ਤਾਜ਼ਾ ਸੰਮਨ ਜਾਰੀ ਕੀਤੇ ਹਨ। ਇਸ ਵੇਲੇ ਦੀਪ ਸਿੱਧੂ ਸਣੇ ਲਾਲਾ ਕਿਲਾ ਹਿੰਸਾ ਮਾਮਲੇ ਦੇ ਸਾਰੇ ਮੁਲਜ਼ਮ ਜ਼ਮਾਨਤ ‘ਤੇ ਬਾਹਰ ਹਨ।
ਇਸ ਤੋਂ ਪਹਿਲਾਂ 19 ਜੂਨ ਨੂੰ ਜੱਜ ਨੇ ਇਸ ਕੇਸ ‘ਚ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਸਾਰੇ ਦੋਸ਼ੀਆਂ ਨੂੰ 29 ਜੂਨ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ ਪਰ ਮੰਗਲਵਾਰ ਨੂੰ ਸਿਰਫ਼ ਦੋਸ਼ੀ ਹਰਜੋਤ ਸਿੰਘ ਹੀ ਅਦਾਲਤ ‘ਚ ਪੇਸ਼ ਹੋਇਆ ਸੀ। ਦੂਜੇ ਮੁਲਜ਼ਮਾਂ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਲਾਂ ਨੂੰ ਅਜੇ ਤਲਬ ਨਹੀਂ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ 26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ ‘ਚ ਦਾਖ਼ਲ ਹੋਏ ਸਨ ਅਤੇ ਉਨ੍ਹਾਂ ਅਤੇ ਪੁਲਸ ਵਿਚਾਲੇ ਹੋਈ ਝੜਪ ‘ਚ ਵੱਡੀ ਗਿਣਤੀ ‘ਚ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ।