ਸ਼੍ਰੀਨਗਰ– ਜੰਮੂ-ਕਸ਼ਮੀਰ ਦੇ ਸ਼੍ਰੀਨਗਰ ’ਚ ਸਿੱਖ ਕੁੜੀਆਂ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਨ ਨੂੰ ਲੈ ਕੇ ਸਿੱਖ ਭਾਈਚਾਰੇ ’ਚ ਰੋਸ ਹੈ। ਸੋਮਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿੱਖ ਭਾਈਚਾਰੇ ਨੂੰ ਘਾਟੀ ’ਚ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਅਮਿਤ ਸ਼ਾਹ ਨੇ ਸਿੱਖ ਭਾਈਚਾਰੇ ਦੇ ਮੁੱਦਿਆਂ ’ਤੇ ਚਰਚਾ ਲਈ ਜਲਦ ਬੈਠਕ ਬੁਲਾਉਣ ਦੀ ਵੀ ਗੱਲ ਕਹੀ ਹੈ।
ਅਗਵਾ ਅਤੇ ਧਰਮ ਪਰਿਵਰਤਨ ਖ਼ਿਲਾਫ਼ ਸੋਮਵਾਰ ਨੂੰ ਸਿੱਖ ਭਾਈਚਾਰੇ ਨੇ ਸ਼੍ਰੀਨਗਰ ’ਚ ਪ੍ਰਦਰਸ਼ਨ ਕੀਤਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਸੋਮਵਾਰ ਨੂੰ ਮੁਸਲਿਮ ਧਰਮ ਗੁਰੂਆਂ ਨੂੰ ਨਿਸ਼ਾਨਾ ਬਣਾਇਆ। ਸਿਰਸਾ ਨੇ ਕਿਹਾ ਕਿ ਪਿਛਲੇ ਇਕ ਮਹੀਨੇ ’ਚ ਸਿੱਖ ਭਾਈਚਾਰੇ ਦੀਆਂ ਚਾਰ ਕੁੜੀਆਂ ਦਾ ਧਰਮ ਜ਼ਬਰਨ ਬਦਲ ਦਿੱਤਾ ਗਿਆ। ਸਿਰਸਾ ਨੇ ਕਿਹਾ ਕਿ ਜਦੋਂ ਗੱਲ ਸਿੱਖ ਭਾਈਚਾਰੇ ਦੀ ਆਉਂਦੀ ਹੈ ਤਾਂ ਕੋਈ ਵੀ ਮੌਲਵੀ ਆਵਾਜ਼ ਨਹੀਂ ਚੁੱਕਦਾ ਅਤੇ ਨਾ ਹੀ ਧਰਮ ਪਰਿਵਰਤਨ ਦੀ ਨਿੰਦਾ ਕਰਦਾ ਹੈ। ਸਾਡੀਆਂ ਕੁੜੀਆਂ ਨਾਲ ਤੁਸੀਂ ਆਪਣੀ ਕੁੜੀ ਦੀ ਤਰ੍ਹਾਂ ਰਵੱਈਆ ਨਹੀਂ ਰੱਖਦੇ। ਇਹ ਸ਼ਰਮਨਾਕ ਹੈ ਕਿ ਘਾਟੀ ਦੇ ਲੋਕ ਇਸ ਮਾਮਲੇ ’ਤੇ ਕੁਝ ਬੋਲ ਨਹੀਂ ਰਹੇ ਹਨ। ਸਿੱਖਾਂ ਦੀ ਮੰਗ ਹੈ ਕਿ ਜੰਮੂ ਅਤੇ ਕਸ਼ਮੀਰ ’ਚ ਕਾਨੂੰਨ ਬਣਾਇਆ ਜਾਵੇ, ਜਿਸ ਵਿਚ ਗੈਰ-ਜਾਤੀ ਵਿਆਹ ਤੋਂ ਪਹਿਲਾਂ ਪਰਿਵਾਰਾਂ ਕੋਲੋਂ ਮਨਜ਼ੂਰੀ ਲੈਣੀ ਜ਼ਰੂਰੀ ਹੋਵੇ।