ਨਿੰਦਰ ਘੁਗਿਆਣਵੀ
ਅਵਤਾਰ ਸਿੰਘ ਬਰਾੜ ਇੱਕ ਭਲਾ ਬੰਦਾ ਸੀ। ਇੱਕ ਸ਼ਰੀਫ਼ ਸਿਆਸਤਦਾਨ। ਅਧਿਆਪਕ ਜੁ ਰਿਹਾ ਸੀ, ਸ਼ਾਇਦ ਏਸੇ ਕਰ ਕੇ ਈਮਾਨ ਵਾਲਾ ਅਤੇ ਸ਼ਰਾਫ਼ਤ ਵਾਲਾ ਸੀ। ਭੁਖੂੰ ਭੁਖੂੰ ਕਦੇ ਨਾ ਕੀਤੀ। ਬੜੇ ਸਾਲ ਪਹਿਲਾਂ ਬੀਮਾਰ ਹੋਏ ਦਾ ਮੈਂ ਪਤਾ ਲੈਣ ਗਿਆ ਗਿਆ ਤਾਂ ਮੇਰੇ ਸਾਹਮਣੇ ਆਪਣੇ ਪੁੱਤਰ ਬੱਬੂ ਬਰਾੜ ਨੂੰ ਉਨਾ ਕਿਹਾ, ”ਪੁੱਤ, ਮੈਂ ਕੇਹੜਾ ਸੋਨੇ ਦੀ ਸਿੜੀ ਉੱਤੇ ਜਾਣੈ, ਪਿਓ ਦੀ ਪੱਗ ਦਾ ਖ਼ਿਆਲ ਰੱਖੀਂ, ਆਹ ਸੁਣਦੈ ਘੁਗਿਆਣਵੀ, ਕਿਓਂ ਵਈ?” ਉਹਦੀਆਂ ਅੱਖਾਂ ਭਰ ਆਈਆਂ। ਜਜ਼ਬਾਤੀ ਤਾਂ ਉਹ ਬਹੁਤੇ ਮੌਕਿਆਂ ਉੱਤੇ ਅਕਸਰ ਈ ਹੋ ਜਾਂਦਾ ਸੀ।
ਆਪਣੇ ਵੋਟਰਾਂ ਸਪੋਟਰਾਂ ਤੇ ਮਿੱਤਰਾਂ ਨੂੰ ਮਸ਼ਕਰੀ ਕਰਨ ‘ਚ ਵੀ ਉਹ ਮਾਹਰ ਸੀ ਅਤੇ ਨਿਹੋਰਾ ਦੇਣ ‘ਚ ਵੀ ਨਿਪੁੰਨ। ਜੇ ਕੋਈ ਜਾ ਕੇ ਕੰਨ ਭਰ ਦਿੰਦਾ ਤਾਂ ਪਲ ਦੀ ਪਲ ਉਬਾਲਾ ਮਾਰਦਾ ਤੇ ਫ਼ਿਰ ਠੰਢਾ ਯਖ਼। ਮੁਸਕੁਰਾਉਂਦਾ ਅਗਲੇ ਨੂੰ ਗਲੱਵਕੜੀ ‘ਚ ਲੈ ਲੈਂਦਾ। ਆਪ ਤੋਂ ਛੋਟੇ ਆਖਣਾ, ”ਓ ਛੋਟੇ ਭਾਈ, ਮਿਲ-ਗਿਲ ਲਿਆ ਕਰੋ, ਕਿੱਥੇ ਰਹਿਗੇ, ਤੁਸੀਂ ਐਥੇ ਈ ਪਰਦੇਸ ਬਣਾਤਾ ਓ ਗੁਰੂਓ?” ਆਪ ਤੋਂ ਵੱਡੇ ਨੂੰ ਆਖਣਾ, ”ਓ ਵੱਡਿਆ ਭਰਾਵਾ, ਮੈਂ ਤਾਂ ਤੈਨੂੰ ਨਿੱਤ ਚੇਤੇ ਕਰਦਾਂ, ਓ ਭਰਾਵਾ ਮੈਂ ਤਾਂ ਥੋਡੇ ਸਿਰ ‘ਤੇ ਈ ਉੱਡਿਆ ਫ਼ਿਰਦਾਂ, ਤੁਸੀਂ ਮੇਰੀਆਂ ਬਾਹਵਾ ਓ ਭਰਾਵੋ।” ਦੂਰੋਂ ਅਗਲੇ ਨੂੰ ਸਿਆਣ ਕੇ ਅਤੇ ਨਾਂ ਲੈ ਕੇ ਬੁਲਾਉਣ ਦਾ ਗੁਰ ਉਸ ਆਪਣੇ ਗੁਰੂ ਗਿਆਨੀ ਜ਼ੈਲ ਸਿੰਘ ਤੋਂ ਚੰਗੀ ਤਰਾਂ ਸਿੱਖਿਆ ਸੀ।
ਚੇਤਾ ਹੈ, ਬੇਅੰਤ ਸਿੰਘ ਮੁੱਖ ਮੰਤਰੀ ਸੀ ਤੇ ਹਰਨਾਮ ਦਾਸ ਜੌਹਰ ਸਿੱਖਿਆ ਮੰਤਰੀ। ਸਾਡੇ ਨੇੜੇ ਪਿੰਡ ਰਾਈਆਂ ਵਾਲੇ ਦੇ ਸਰਪੰਚ ਲਾਲ ਸਿੰਘ ਬੌਰੀਆ ਸਿੱਖ ਨੇ ਆਪਣੀ ਬਰਾਦਰੀ ਦੀ ਬੜੀ ਵੱਡੀ ਕਾਨਫ਼ਰੰਸ ਕਰਵਾਈ ਤੇ ਜੌਹਰ ਸਾਹਬ ਆਏ। ਸਾਡੇ ਪਿੰਡੋਂ ਵੀ ਬੌਰੀਏ ਸਿੱਖ ਟਰਾਲੀਆਂ ਭਰ ਭਰ ਗਏ ਅਤੇ ਜਾਂਦੀ ਇਕ ਟਰਾਲੀ ਦੇ ਡਾਲੇ ਨਾਲ ਮੈਂ ਵੀ ਝੂਟ ਗਿਆ ਤੇ ਹੌਲੀ ਹੌਲੀ ਟਰਾਲੀ ਦੇ ਘੜਮੱਸ ‘ਚ ਜਾ ਰਲਿਆ। ਬੜਾ ਤਕੜਾ ਇਕੱਠ ਬੱਝਿਆ। ਜੌਹਰ ਦੇ ਨਾਲ ਹੀ ਆਏ ਅਵਤਾਰ ਸਿੰਘ ਬਰਾੜ ਨੇ ਬੌਰੀਆਂ ਦੀ ਬਹਾਦਰੀ, ਘਾਲਣਾ ਤੇ ਉਸ ਦੇ ਵੱਡੇ ਵਡੇਰਿਆਂ ਬਾਰੇ ਅਜਿਹਾ ਭਾਸ਼ਣ ਦਿੱਤਾ ਕਿ ਸਭ ਅਸ਼-ਅਸ਼ ਕਰ ਉਠੇ ਤੇ ਜਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ।
ੳਸ ਨਾਲ ਮੇਰੀਆਂ ਕਈ ਪ੍ਰਕਾਰ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਏਹ ਦੱਸਣਾ ਲਾਜ਼ਮੀ ਹੋਵੇਗਾ ਕਿ ਮੇਰੀ ਨਿਆਣ-ਮੱਤੀਏ ਮੁੰਡੇ ਦੀ ਉਸ ਨਾਲ ਮੁੱਢਲੀ ਜਾਣ ਪਛਾਣ ਕਿਵੇਂ ਹੋਈ ਤੇ ਕਿੱਥੇ ਹੋਈ? ਦਸਦਾਂ। ਏਹ ਗੱਲ 1992 ਦੀ ਹੋਵੇਗੀ। ਸਾਡੇ ਇਲਾਕੇ ਦੀ ਲਿਖਾਰੀ ਸਭਾ ਸਾਦਿਕ ਨੇ ਮੇਰਾ ਸਨਮਾਨ ਏਸ ਕਰ ਕੇ ਕੀਤਾ ਸੀ ਕਿ ਏਹ ਸਾਡੇ ਇਲਾਕੇ ਦਾ ਉਭਰਦਾ ਲਿਖਾਰੀ ਤੇ ਗਾਇਕ ਹੈ ਅਤੇ ਗੀਤਾਂ ਦੇ ਬਾਦਸ਼ਾਹ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦਾ ਏਸ ਕਰ ਕੇ ਸਨਮਾਨ ਕੀਤਾ ਕਿ ਉਸ ਨੇ ਇਕ ਵੱਡੇ ਗੀਤਕਾਰ ਵਜੋਂ ਸਾਡੇ ਇਲਾਕੇ ਦੀ ਸ਼ਾਨ ਵਧਾਈ ਐ। ਸਮਾਗਮ ਵਾਲੇ ਦਿਨ ਸਵੇਰੇ ਸਵੇਰੇ ਮੈਂ ਆਪਣੇ ਗੁਆਂਢੀ ਦਸੌਂਧਾ ਸਿੰਘ ਪੈਲ ਨਾਲ ਉਹਦੇ ਫ਼ੋਰਡ ਟਰੈਕਟਰ ‘ਤੇ ਬਹਿ ਕੇ, ਨਾਲ ਲਾਲ ਰੰਗ ਦੀ ਤੂੰਬੀ ਲੈ ਕੇ ਸਾਦਿਕ ਸਰਕਾਰੀ ਸਕੂਲੇ ਜਾ ਪੁੱਜਿਆ। ਸਾਡੇ ਜਾਂਦਿਆਂ ਨੂੰ ਦੋ ਰਿਕਸ਼ਿਆਂ ਵਾਲੇ ਲਾਲ ਰੰਗੀਆਂ ਰਬੜੀ ਕੁਰਸੀਆਂ ਲੱਦੀ ਸਕੂਲ ਵੱਲ ਜਾ ਰਹੇ ਸਨ। ਜ਼ਾਹਿਰ ਸੀ ਕਿ ਏਹ ਕੁਰਸੀਆਂ ਅੱਜ ਹੋਣ ਵਾਲੇ ਸਮਾਗਮ ਵਾਸਤੇ ਢੋਈਆਂ ਜਾ ਰਹੀਆਂ ਸਨ। ਦਸੌਂਧਾ ਸਿੰਘ ਆਖਣ ਲੱਗਾ, ”ਤੇਰੇ ਪੈਰਾਂ ਥੱਲੇ ਅੱਗ ਮਚਦੀ ਰਹਿੰਦੀ ਐ, ਚੱਲ ਚਾਚਾ ਚੱਲੀਏ, ਚੱਲ ਚਾਚਾ ਚੱਲੀਏ, ਲੈ ਏਡੀ ਸਦੇਹਾਂ ਆ ਕੇ ਚੋ ਲੈ ਧਾਰਾਂ ਜਿਹੜੀਆਂ ਚੋਣੀਆਂ, ਵਾਈ ਨੀ ਧਾਈ ਨੀ ਏਥੇ … ਚੱਕਲੀ ਐ ਤੂੰਬੀ।” ਦਸੌਂਧਾ ਸਿੰਘ ਪੈਲ ਦੇ ਤੇਵਰ ਤਿੱਖੇ ਸਨ ਤੇ ਉਹ ਸੱਚਾ ਕਲਪ ਰਿਹਾ ਸੀ। ਮੇਰੇ ਘਰ ਦੇ ਬਿਲਕੁਲ ਸਾਹਮਣੇ ਹੋਣ ਕਰ ਕੇ ਮੈਂ ਉਹਨੂੰ ਵੇਲੇ ਤੋਂ ਪਹਿਲਾਂ ਈ ਏਥੇ ਲੈ ਆਇਆ ਸਾਂ। ਖ਼ੈਰ, ਮੈਂ ਚੁੱਪ ਕਰਿਆ ਰਿਹਾ ਤੇ ਅਸੀਂ ਸਕੂਲ ਦੇ ਬਾਹਰ ਟਰੈਕਟਰ ਖਲ੍ਹਿਆਰ ਕੇ ਉਹਦੇ ਉੱਤੇ ਬੈਠੇ ਇਕ ਦੂਜੇ ਦੇ ਮੂੰਹਾਂ ਵੱਲ ਵੇਂਹਦੇ ਊਂਘਦੇ ਰਹੇ। ਚਾਚਾ ਦਸੌਂਧਾ ਸਟੇਅਰਿੰਗ ਉੱਤੇ ਸਿਰ ਸੁੱਟ ਲੈਂਦਾ ਤੇ ਮੈਂ ਏਧਰ ਓਧਰ ਝਾਕਣ ਲਗਦਾ। ਜਦ ਨੇੜੇ ਤੇੜੇ ਕਿਸੇ ਦੀ ਵਾਜ ਆਉਂਦੀ ਜਾਂ ਦਾ ਖੜਾਕ ਹੁੰਦਾ ਤਾਂ ਉਹ ਸਿਰ ਚੁਕ ਕੇ ਦੇਖਦਾ ਤੇ ਫ਼ਿਰ ਮੇਰੇ ਵੰਨੀਂ ਘੂਰਦਾ। ਤੂੰਬੀ ਮੈਂ ਖਾਦ ਦੇ ਝੋਲੇ ‘ਚ ਪਾ ਕੇ ਮੋਢੇ ਲਮਕਾਈ ਹੋਈ ਸੀ। ਜਿਵੇਂ ਕਿਵੇਂ ਪੌਣੇ ਦਸ ਵੱਜੇ, ਸਕੂਲ ਅੰਦਰ ਆਵਾਜਾਈ ਵਾਹਵਾ ਜਿਹੀ ਹੋ ਗਈ। ਚਾਚਾ ਬੋਲਿਆ, ”ਚੱਲ ਆਪਾਂ ਵੀ ਚੱਲੀਏ। ਹੈਥੇ ਬੈਠੇ ਥੱਕਗੇ ਉਏ।” ਵਰਾਂਡੇ ‘ਚ ਬੈਨਰ ਅਤੇ ਕੁਰਸੀਆਂ ਲੱਗ ਚੁੱਕੇ ਸਨ। ਪ੍ਰਬੰਧਕ ਭੱਜੇ ਫ਼ਿਰਦੇ ਸਨ। ਮੈਂ ਕੀਹਨੂੰ ਮਿਲਾਂ, ਕੀ ਆਖਾਂ ਕਿ ਮੈਂ ਕੌਣ ਆਂ? ਕੋਈ ਨਾਉਂ ਨਾ ਜਾਣੇ ਮੇਰਾ! ਸਭਾ ਦਾ ਸਰਗਰਮ ਵਰਕਰ ਗੀਤਕਾਰ ਅਨੂਪ ਸਿੰਘ ਢਿਲੋਂ ਮੇਰੇ ਵੱਲ ਭੱਜਿਆ ਆਇਆ ਤੇ ਘੁੱਟ ਗਲੱਵਕੜੀ ਪਾਈ। ਚਾਹ ਦੇ ਉੱਬਲ ਰਹੇ ਦੇਗੇ ਵੰਨੀਂ ਲੈ ਗਿਆ ਤੇ ਚਾਹ ਦਾ ਮਹੂਰਤ ਅਸਾਂ ਈ ਕੀਤਾ, ਸਟੀਲ ਦੇ ਗਲਾਸ ਤੱਤੇ ਤੱਤੇ ਮਸਾਂ ਹੱਥਾਂ ਫ਼ੜੇ। ਦਸੌਂਧਾ ਸਿੰਘ ਬੋਲਿਆ, ”ਅਹੁ ਫ਼ੁੱਫ਼ੜ ਜੀ ਖੜੇ ਆ, ਮਿਲ ਆਈਏ।” ਸਾਊ ਜਿਹੇ ਬਜ਼ੁਰਗ, ਪਤਲਾ ਸਰੀਰ। ਚਿੱਟਾ ਲਿਬਾਸ। ਇਹ ਮੁਖ਼ਤਿਆਰ ਸਿੰਘ ਢਿਲੋਂ ਸੀ ਜੋ ਘੁਗਿਆਣੇ ਵਿਆਹਾ ਹੋਇਆ ਸੀ ਅਤੇ ਸਾਡਾ ਸਾਰਾ ਪਿੰਡ ਆਦਰ ਨਾਲ ਉਸ ਨੂੰ ਫ਼ੁੱਫ਼ੜ ਜੀ ਆਖਦਾ। ਅਸੀਂ ਨੇੜੇ ਹੋ ਕੇ ਮਿਲੇ ਤਾਂ ਉਹ ਬੜਾ ਖੁਸ਼ ਹੋਇਆ। (ਜਦ ਮੈਂ ਗਾ ਰਿਹਾ ਸੀ ਤਾਂ ਫ਼ੁੱਫ਼ੜ ਜੀ ਨੇ ਉਚੇਚਾ ਉਠ ਕੇ ਪੰਜਾਹ ਰੁਪਈਏ ਮੇਰੀ ਜੇਬ੍ਹੀ ਪਾਏ ਸਨ ਅਤੇ ਮੋਢਾ ਪਲੋਸਿਆ ਸੀ)।
ਕਵੀਆਂ ਤੇ ਲਿਖਾਰੀਆਂ ਦਾ ‘ਕੱਠ ਬੱਝਣ ਲੱਗਾ। ਇਹ ਮੇਰਾ ਦੂਜਾ ਮੌਕਾ ਸੀ ਕਿਸੇ ਸਾਹਿਤ ਸਭਾ ਵਿੱਚ ਆਉਣ ਦਾ। ਇਸ ਤੋਂ ਪਹਿਲਾਂ ਮੈਂ ਸਾਡੇ ਤਾਏ ਲਿਖਾਰੀ ਫ਼ੌਜਾ ਸਿੰਘ ਨਵਰਾਹੀ ਦੀ ਪਰੇਰਨਾ ਨਾਲ ਲਿਖਾਰੀ ਸਭਾ ਫ਼ਰੀਦਕੋਟ ਵਿੱਚ ਹਾਜ਼ਰੀ ਲੁਵਾ ਚੁੱਕਾ ਸਾਂ। ਲਓ ਜੀ। ਪੰਡਾਲ ਭਰਨ ਲੱਗਿਆ। ਸਭ ਤੋਂ ਪਹਿਲਾਂ ਮਹਿਮਾਨ ਵਜੋਂ ਇੱਕ ਪਤਲਾ ਜਿਹਾ ਬਾਊ, ਤਿੱਖੀਆਂ ਪਤਲੀਆਂ ਮੁੱਛਾਂ ਵਾਲਾ, ਚਿੱਟਾ ਕੁੜਤਾ ਪਜਾਮਾ, ਮੱਥੇ ਤਿਲਕ … ਹਸੰ ਹਸੂੰ ਕਰਦਾ ਤੇ ਲੋਕਾਂ ਨੂੰ ਹੱਥ ਜੋੜ ਜੋੜ ਮਿਲਦਾ ਆਇਆ। ਕਿਸੇ ਨੇ ਕਿਹਾ ਕਿ ਇਹ ਉਪੇਂਦਰ ਸ਼ਰਮਾ ਹੈ ਕੋਟ ਕਪੂਰੇ ਵਾਲਾ MLA। ਮੈਂ ਨਿਆਣਾ, ਕੀ ਜਾਣਾਂ, ਕਿਵੇਂ ਮਿਲਦਾ ਉਪੇਂਦਰ ਸ਼ਰਮੇ ਨੂੰ! ਆਵਾ-ਜਾਈ ਵਧੀ ਤੇ ਸਟੇਜ ਉੱਤੋਂ ਆਵਾਜ਼ਾਂ ਆਉਣ ਲੱਗੀਆਂ। ਜਦ ਪੰਡਾਲ ਭਰ ਗਿਆ ਤਾਂ ਸਟੇਜ ਸਕੱਤਰ ਬੋਲਿਆ ਕਿ ਹੁਣ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਅਵਤਾਰ ਸਿੰਘ ਬਰਾੜ ਆਣ ਪੁੱਜੇ ਨੇ ਤੇ ਉਨ੍ਹਾਂ ਨਾਲ ਆਏ ਹਨ ਸਾਡੇ ਇਲਾਕੇ ਦੇ ਉਘੇ ਗਾਇਕ ਬਾਬੂ ਸਿੰਘ ਜੀ ਮਾਨ ਮਰਾੜਾਂ ਵਾਲੇ। ਸਰੋਤਿਆਂ ਵਿੱਚੋਂ ਇਕ ਗਿਆਨੀ ਧਿਆਨੀ ਗਾਤਰੇ ਵਾਲਾ ਲਾਲ ਕੁਰਸੀ ਤੋਂ ਉਠ ਕੇ ਬੋਲਦੈ, ”ਓ ਯਾਰ ਗਾਇਕ ਕਾਹਤੇ ਕਹੀ ਜਾਨੈਂ, ਗੀਤ ਲੇਖਕ ਆਖ ਮਰਾੜਾਂ ਵਾਲਾ ਮਾਨ ਆਖ।” ਸਟੇਜ ਸਕੱਤਰ ਨੇ ਭੁੱਲ ਬਖਸ਼ਾਈ ਤੇ ਅਗਾਂਹ ਬੋਲਿਆ, ”ਸਾਡੇ ਇਲਾਕੇ ਦੇ ਮਹਾਨ ਗੀਤਕਾਰ ਸਰਦਾਰ ਬਾਬੂ ਜੀ ਮਾਨ ਸਾਹਬ ਮਰਾੜਾਂ ਤੋਂ ਆਏ ਐ।” ਸਾਰੇ ਬਹਿ ਗਏ। ਇਹ ਸੱਚ ਹੈ ਕਿ ਮੇਰੀ ਨਿਆਣ ਮੱਤੀਏ ਦੀ ਅੱਜ ਇਨ੍ਹਾਂ ਸਭਨਾਂ ਨਾਲ ਪਹਿਲੀ ਜਾਣ ਪਛਾਣ ਸੀ। ਭਾਸ਼ਣ ਹੋਏ ਸਾਹਿਤ ਬਾਬਤ। ਮੈਨੂੰ ਮਾੜੀ ਮੋਟੀ ਜਿਹੀ ਸਮਝ ਆਈ। ਕੁਝ ਕੁ ਨੇ ਕਵਿਤਾਵਾਂ ਪੜ੍ਹੀਆਂ। ਮੇਰਾ ਨਾਂ ਬੋਲਿਆ ਗਿਆ, ”ਪਿੰਡ ਘੁਗਿਆਣੇ ਤੋਂ ਸਾਡੇ ਇਲਾਕੇ ਦਾ ਉਭਰ ਰਿਹਾ ਮੁੰਡਾ ਕਾਕਾ ਨਰਿੰਦਰ ਸਿੰਘ ਘੁਗਿਆਣਵੀ ਆਇਆ ਐ, ਜੋ ਯਮਲੇ ਜੱਟ ਦਾ ਚੇਲਾ ਐ, ਉਹਨਾਂ ਦਾ ਸਨਮਾਨ ਕਰਨੈ ਹੁਣ, ਉਹ ਸਟੇਜ ਉੱਤੇ ਆ ਜਾਣ।” ਇਹ ਸੁਣ ਮੈਂ ਵਰਾਂਡੇ ਵਿੱਚ ਸਜੇ ਮੰਚ ਵੱਲ ਵਧਿਆ। ਅਨੂਪ ਸਿੰਘ ਢਿੱਲੋਂ ਨੇ ਮੇਰੇ ਗਲ ਹਾਰ ਪਾਇਆ। ਇਹ ਜ਼ਿੰਦਗੀ ‘ਚ ਮੇਰੇ ਗਲ ਪਿਆ ਪਹਿਲਾ ਹਾਰ ਸੀ, ਫ਼ੇਰ ਤਾਂ ਹੁਣ ਤੀਕ ਪੈਂਦੇ ਹੀ ਆਏ ਨੇ ਜਿੱਤਾਂ ਹਾਰਾਂ ਦੇ ਹਾਰ। ਅਨੂਪ ਸਿੰਘ ਦੇ ਨਾਲ ਜਲੌਰ ਸਿੰਘ ਡਿਪਟੀ DEO ਫ਼ਰੀਦਕੋਟ ਮੈਨੂੰ ਮੋਮੈਂਟੋ ਦੇ ਰਿਹਾ ਸੀ ਅਤੇ ਬਰਾੜ ਤੇ ਮਾਨ ਬੈਠੇ ਦੇਖ ਰਹੇ ਨੇ। (ਇਹ ਫ਼ੋਟੋ ਮੇਰੇ ਪਾਸ ਬਹੁਤ ਸਾਲ ਰਹੀ ਤੇ ਫ਼ੇਰ ਗਿੱਲੀ ਹੋ ਕੇ ਸਲਾਭੀ ਗਈ)। ਮੋਮੈਂਟੋ ਵੀ ਸਿਰਾ ਹੀ ਸੀ, ਉਡਦਾ ਹੋਇਆ ਬਾਜ ਮੈਨੂੰ ਦਿੱਤਾ ਗਿਆ ਸੀ ਅਤੇ ਉਸ ਦਿਨ ਤੋਂ ਲੈ ਕੇ ਹੁਣ ਇਹ ਸਤਰਾਂ ਲਿਖਣ ਤੀਕਰ ਮੈਂ ਬਾਜ ਵਾਂਗਰ ਉੱਠਿਆ ਤੇ ਉਡਦਾ ਫ਼ਿਰ ਰਿਹਾਂ।
***
ਸਨਮਾਨ ਹਾਸਲ ਕਰਨ ਬਾਅਦ ਮੈਂ ਮਾਇਕ ਮੂਹਰੇ ਖੜਾ ਸਾਂ। ਗਾਇਕਾ ਚਰਨਜੀਤ ਕੌਰ ਚੰਨੀ ਦਾ ਢੋਲਕੀ ਮਾਸਟਰ ਮੇਰੇ ਨਾਲ ਢੋਲਕ ਉੱਤੇ ਸਾਥ ਦੇਣ ਨੂੰ ਢੋਲਕੀ ਦੀਆਂ ਤਣੀਆਂ ਕੱਸਣ ਲੱਗਿਆ। ਹਰਿੰਦਰ ਸੰਧੂ ਨੇ ਵੀ ਗਾਉਣਾ ਸੀ ਤੇ ਉਹ ਸਰੋਤਿਆਂ ਵਿੱਚ ਬੈਠਾ ਸੀ। ਬਿਲਕੁੱਲ ਈ ਅੱਲੜ ਜਿਹਾ ਸੀ ਹਰਿੰਦਰ। ਉਸ ਦੇ ਪਿਤਾ ਮਾਸਟਰ ਪ੍ਰੀਤਮ ਸਿੰਘ ਵੀ ਉਹਦੇ ਨਾਲ ਆਏ ਹੋਏ ਸਨ। ਮੈਨੂੰ ਕੁਛ ਨਹੀਂ ਪਤਾ ਕਿ ਮੈਂ ਕਿਵੇਂ ਦੋ ਸ਼ਬਦ ਸੰਬੋਧਨ ਦੇ ਕਹੇ। ਤੂੰਬੀ ਟੁਣਕੀ ਤਾਂ ਸਰੋਤਿਆਂ ਕੰਨ ਚੁੱਕ ਲਏ। ਮੈਂ ਤਿੰਨ ਗੀਤ ਗਾਏ। ਅਨੰਦ ਆਇਆ ਮੈਨੂੰ ਵੀ ਗਾ ਕੇ ਤੇ ਸਰੋਤਿਆਂ ਨੂੰ ਸੁਣ ਕੇ, ਘੱਟੋਘੱਟ ਮੈਨੂੰ ਅਜਿਹਾ ਲੱਗਾ! ਪ੍ਰੋਗਰਾਮ ਮੁੱਕਿਆ ਤਾਂ ਮਾਨ ਮਰਾੜਾਂ ਵਾਲੇ ਨੇ ਨੇੜੇ ਹੋ ਕੇ ਕਿਹਾ, ”ਜੇ ਆਪਣੀ ਪਛਾਣ ਬਣਾਉਣੀ ਆ ਤਾਂ ਆਪਣੇ ਉਸਤਾਦ ਦੀ ਕਾਪੀ ਨਾ ਕਰਿਆ ਕਰ।” ਮੈਂ ਭੋਲੇਪਣ ‘ਚ ਆਖਿਆ, ”ਮੈਂ ਗੁਰੂ ਜੀ ਦੀ ਯਾਦ ਤਾਜ਼ੀ ਕਰਦਾਂ ਜੀ, ਨਾਲੇ ਆਪੇ ਈ ਹੋ ਜਾਂਦੀ ਆ ਕਾਪੀ, ਵੱਸ ਨੀ ਚਲਦਾ ਜੀ।” ਮਾਨ ਸਾਹਿਬ ਨੇ ਅੱਗੇ ਕੁਛ ਨਹੀ ਆਖਿਆ। ਬਰਾੜ ਸਾਹਬ ਨੇ ਥਾਪੀ ਦਿੱਤੀ, ”ਹੀਰਾ ਐਂ ਹੀਰਾ, ਪੱਕੇ ਗੁਰੂ ਦਾ ਚੰਡਿਆ ਚੇਲਾ, ਸ਼ਾਬਾਸ਼ ਬੇਟਾ, ਲੱਗਿਆ ਰਹਿ, ਬਈ ਤੇਰੀ ਤੂੰਬੀ ਵੀ ਸੋਹਣੀ ਐ ਲਾਲ ਲਾਲ।”
ਲਾਲ ਰੰਗੀ ਤੂੰਬੀ ਨੇ ਬੜੇ ਸਾਲ ਮੇਰਾ ਸਾਥ ਦਿੱਤਾ ਸੀ ਤੇ ਇਹ ਪੂਰੀ ਕਿਵੇਂ ਹੋਈ, ਦਸਦਾਂ। ਹਰ ਵੀਰਵਾਰ ਬਾਬੇ ਫ਼ਰੀਦ ਦੇ ਟਿੱਲੇ ਦੀਵਾਨ ਲੱਗਦਾ ਤੇ ਮੈਂ ਸਵੇਰੇ ਸਾਝਰੇ ਈ ਤੂੰਬੀ ਲੈ ਜਾ ਅੱਪੜਦਾ। ਪੰਜ ਤੋਂ ਦਸ ਮਿੰਟ ਗਾਉਣ ਦਾ ਵੇਲਾ ਮਿਲਦਾ ਤੇ ਫ਼ਿਰ ਕਿਸੇ ਹੋਰ ਦੀ ਵਾਰੀ ਹੁੰਦੀ। ਸੰਗਤਾਂ ਦੋ-ਦੋ ਜਾਂ ਇਕ-ਇਕ ਰੁਪੱਈਆ ਦੇਈ ਜਾਂਦੀਆਂ, ਕੋਈ ਕੋਈ ਪੰਜਾਂ ਦਾ ਨੋਟ ਵੀ ਦੇ ਜਾਂਦਾ। ਇਕ ਦੁਪਹਿਰ ਗਾ ਕੇ ਮੈਂ ਅੱਡੇ ਵਿੱਚ ਆਇਆ ਤੇ ਪਿੰਡ ਨੂੰ ਜਾਣ ਵਾਲੀ ਮਿੰਨੀ ਬਸ ‘ਚ ਤੂੰਬੀ ਵਾਲਾ ਝੋਲਾ ਰੱਖ ਕੇ ਨੇੜੇ ਨਲਕੇ ਤੋਂ ਪਾਣੀ ਪੀਣ ਉਤਰਿਆ। ਜਦ ਵਾਪਿਸ ਆਇਆ ਤਾਂ ਬੇਗੂਵਾਲੇ ਦੀ ਇਕ ਮੋਟੀ ਕਾਲੀ ਬੌਰਨੀ ਮੇਰੇ ਝੋਲੇ ਉੱਤੇ ਸੱਜਾ ਚਿੱਤੜ ਧਰੀ ਬੈਠੀ ਤੇ ਲਾਲ ਰੰਗੀ ਕੱਦੂ ਦੀ ਤੂੰਬੀ ਦੀ ਜਾਨ ਨਿੱਕਲ ਚੁੱਕੀ ਸੀ, ਘਰੇ ਆਣ ਕੇ ਮੈਂ ਬੜਾ ਰੋਇਆ!
ਤੇ ਅੱਜ ਸਾਦਿਕੋਂ ਪਿੰਡ ਮੁੜਦਿਆਂ ਮੈਂ ਉਚੇਚਾ ਖ਼ੁਸ਼ ਇਸ ਲਈ ਵੀ ਸਾਂ ਕਿ ਮੇਰੀ ਜਾਣ ਪਛਾਣ ਅਵਤਾਰ ਸਿੰਘ ਬਰਾੜ ਨਾਲ ਹੋ ਗਈ ਸੀ ਅੱਜ ਤੇ ਉਨ੍ਹਾਂ ਮੈਨੂੰ ਥਾਪੀ ਤੇ ਸਾਬਾਸ਼ੀ ਵੀ ਖ਼ੂਬ ਦਿੱਤੀ ਸੀ। ਚਾਚਾ ਦਸੌਂਧਾ ਸਿੰਘ ਵੀ ਖ਼ੁਸ਼ ਸੀ ਤੇ ਸਾਡਾ ਫ਼ੋਰਡ ਟਰੈਕਟਰ ਵੀ, ਜੋ ਪਿੰਡ ਵੱਲ ਦੌੜਿਆ ਜਾ ਰਿਹਾ ਸੀ ਖ਼ੁਸ਼ੀ ਖ਼ੁਸ਼ੀ।
(ਚਲਦਾ)