ਜੇਕਰ ਤੁਹਾਡੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਤਾਂ ਫ਼ਿਰ ਤੁਹਾਨੂੰ ਘੁੜਸਵਾਰ ਫ਼ੌਜ ਦੀ ਸੱਚਮੁੱਚ ਹੀ ਲੋੜ ਨਹੀਂ। ਉਹ ਸਾਰੇ ਘੋੜੇ ਅਤੇ ਉਹ ਸਾਰੇ ਸਿਪਾਹੀ ਕੇਵਲ ਇੱਕ ਦੇਣਦਾਰੀ ਬਣ ਕੇ ਰਹਿ ਜਾਣਗੇ। ਤੁਹਾਨੂੰ ਉਨ੍ਹਾਂ ਲਈ ਖਾਣਾ ਮੁਹੱਈਆ ਕਰਾਉਣਾ ਪੈਣੈ ਅਤੇ ਉਨ੍ਹਾਂ ਸਭ ਨੂੰ ਠਾਹਰ ਦੇਣੀ ਪੈਣੀ ਹੈ ਜਿਹੜੇ ਤੁਹਾਡੇ ਘਰ ਦੇ ਮੁਹਰਲੇ ਲਾਅਨ ‘ਚ ਛੌਣੀ ਪਾ ਕੇ ਬੈਠਣਗੇ। ਤੁਹਾਨੂੰ ਆਪਣੇ ਗਵਾਂਢੀਆਂ ਨੂੰ ਵੀ ਬਹੁਤ ਸਾਰੇ ਸਪੱਸ਼ਟੀਕਰਨ ਦੇਣੇ ਪੈਣੇ ਨੇ। ਪਰ ਫ਼ਿਰ, ਤੁਸੀਂ ਖ਼ੁਦ ਨੂੰ ਅਜਿਹੀ ਮੁਸੀਬਤ ਵਾਲੀ ਸਥਿਤੀ ‘ਚ ਵੀ ਨਹੀਂ ਦੇਖਣਾ ਚਾਹੁੰਦੇ ਜਿੱਥੇ ਲੋੜ ਪੈਣ ‘ਤੇ ਕੋਈ ਵੀ ਤੁਹਾਡੇ ਬਚਾਅ ਲਈ ਨਾ ਅੱਪੜ ਸਕੇ। ਤੁਹਾਡੇ ਲਈ ਚੰਗਾ ਤਾਂ ਇਹੋ ਹੈ ਕਿ ਤੁਹਾਡੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਇਕੱਠਿਆਂ ਆਉਣ।

ਕਈ ਵਾਰ, ਅਸੀਂ ਭਵਿੱਖ ਬਾਰੇ ਭੈਅ ਫ਼ੈਲਾਅ ਕੇ ਖ਼ੁਦ ਨੂੰ ਅਕਹਿ ਅਤੇ ਅਸਹਿ ਮੁਸੀਬਤ ‘ਚ ਪਾ ਲੈਂਦੇ ਹਾਂ। ਕੋਈ ਸਥਿਤੀ, ਜਿਵੇਂ-ਜਿਵੇਂ ਵਿਕਸਦੀ ਹੈ, ਉਸ ਦਾ ਉਸੇ ਤਰ੍ਹਾਂ ਪਲ-ਦਰ-ਪਲ ਸਾਹਮਣਾ ਕਰਨ ਦੀ ਬਜਾਏ, ਅਸੀਂ ਉਸ ਵਿੱਚ ਬੇਅੰਤ ਅਰਥ ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸ ਬਾਰੇ ਕਿਆਸਆਰਾਈਆਂ ਕਰਨ ਲੱਗਦੇ ਹਾਂ ਅਤੇ ਉਸ ਦਾ ਵਿਰੋਧ ਕਰਦੇ ਹਾਂ ਜਿਸ ਭਵਿੱਖ ਨੇ ਹਾਲੇ ਆਉਣਾ ਹੁੰਦੈ ਅਤੇ ਫ਼ਿਰ ਹੈਰਾਨ ਹੁੰਦੇ ਹਾਂ ਕਿ ਅਸੀਂ ਚਾਰੋਂ ਪਾਸਿਓਂ ਇੰਨੇ ਘਿਰੇ ਹੋਏ ਅਤੇ ਬਦਕਿਸਮਤ ਕਿਉਂ ਮਹਿਸੂਸ ਕਰ ਰਹੇ ਹਾਂ। ਹਰ ਸੰਭਾਵਨਾ ਲਈ ਖ਼ੁਦ ਨੂੰ ਤਿਆਰ ਰੱਖਣ ਦੀ ਤੁਸੀਂ ਜਿੰਨੀ ਪ੍ਰਬਲ ਕੋਸ਼ਿਸ਼ ਕਰੋਗੇ, ਆਪਣੇ ਜੀਵਨ ‘ਚ ਖ਼ੁਸ਼ਕਿਸਮਤੀ ਦੇ ਦਾਖ਼ਲੇ ਨੂੰ ਤੁਸੀਂ ਓਨਾ ਹੀ ਔਖਾ ਬਣਾਓਗੇ। ਲੇਕਿਨ ਇਸ ਵਕਤ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਜਾਦੂ ਉਪਲਬਧ ਹੈ।

ਲੋਕ ਵੱਖੋ-ਵੱਖ ਕਾਰਨਾਂ ਕਾਰਨ ਗ਼ਲਤਫ਼ਹਿਮੀ ਦਾ ਸ਼ਿਕਾਰ ਹੋ ਸਕਦੇ ਨੇ। ਜੋ ਕਿਹਾ ਜਾ ਰਿਹੈ ਹੋਵੇ, ਉਹ ਉਸ ਨੂੰ ਗ਼ਲਤ ਸਮਝ ਸਕਦੇ ਨੇ। ਜਾਂ ਉਹ ਇੱਕ ਵਾਕ ਦੇ ਕਿਸੇ ਖ਼ਾਸ ਲਫ਼ਜ਼ ਬਾਰੇ ਇੰਨੇ ਜ਼ਿਆਦਾ ਉਤੇਜਿਤ ਹੋ ਸਕਦੇ ਨੇ ਕਿ ਉਨ੍ਹਾਂ ਨੂੰ ਕੁਝ ਹੋਰ ਸੁਣਾਈ ਹੀ ਨਾ ਦੇਵੇ। ਕਈ ਵਾਰ, ਉਨ੍ਹਾਂ ਦੇ ਖ਼ਿਆਲੀ ਪੁਲਾਓ ਉਨ੍ਹਾਂ ਦੀ ਸਮਝ ‘ਤੇ ਪਰਦਾ ਪਾ ਸਕਦੇ ਨੇ। ਕਈ ਵਾਰ, ਭੈਅ ਜਾਂ ਪੱਖਪਾਤ ਵਿਸ਼ੇਲਸ਼ਕ ਬਣਨ ਦੀ ਉਨ੍ਹਾਂ ਦੀ ਕਾਬਲੀਅਤ ਨੂੰ ਖੋਰਾ ਲਗਾ ਸਕਦੈ। ਤੁਹਾਡੇ ਭਾਵਨਾਤਮਕ ਅਤੇ ਨਿੱਜੀ ਸੰਸਾਰ ਵਿੱਚ ਇਸ ਵਕਤ ਕੋਈ ਕਿਸੇ ਵੱਡੇ ਭੁਲੇਖੇ ਦਾ ਸ਼ਿਕਾਰ ਹੋ ਕੇ ਬਿਲਕੁਲ ਗ਼ਲਤ ਦਿਸ਼ਾ ‘ਚ ਭੌਂਕ ਰਿਹੈ। ਇਸ ਤੋਂ ਪਹਿਲਾਂ ਕਿ ਤੁਸੀਂ ਵੀ ਉਨ੍ਹਾਂ ਵੱਲ ਵਾਪਿਸ ਭੌਂਕੋ, ਸਿਆਣਪ ਇਸੇ ‘ਚ ਹੈ ਕਿ ਗ਼ਲਤਫ਼ਹਿਮੀ ਦੇ ਕਾਰਨਾਂ ਦੀ ਚੰਗੀ ਤਰ੍ਹਾਂ ਨਾਲ ਪੜਚੋਲ ਕਰ ਲਈ ਜਾਵੇ।

ਜੇਕਰ ਤੁਸੀਂ ਪਰਵਾਹ ਹੀ ਨਾ ਕਰੋ, ਤੁਸੀਂ ਕਿਤੇ ਨਹੀਂ ਪਹੁੰਚ ਸਕਦੇ। ਜੇਕਰ ਤੁਸੀਂ ਬਹੁਤ ਜ਼ਿਆਦਾ ਪਰਵਾਹ ਕਰੋ, ਤੁਸੀਂ ਗ਼ਲਤ ਨਤੀਜੇ ਹਾਸਿਲ ਕਰ ਸਕਦੇ ਹੋ। ਜਨੂਨ ਅਤੇ ਦ੍ਰਿਸ਼ਟੀਕੋਣ ਇੱਕੋ ਸਿੱਕੇ ਦੇ ਦੋ ਵੱਖੋ-ਵੱਖਰੇ ਪਹਿਲੂ ਹਨ। ਜਿਓਂ ਹੀ ਤੁਹਾਨੂੰ ਇੱਕ ਹਾਸਿਲ ਹੁੰਦੈ, ਦੂਸਰਾ ਗ਼ਾਇਬ ਹੋ ਜਾਂਦੈ। ਸੱਚਮੁੱਚ ਦੇ ਯਥਾਰਥਵਾਦੀ ਬਣਨ ਲਈ ਤੁਹਾਨੂੰ ਖ਼ੁਦ ਨੂੰ ਸਾਰੀਆਂ ਪ੍ਰਬਲ ਭਾਵਨਾਵਾਂ ਤੋਂ ਆਜ਼ਾਦ ਕਰਨਾ ਹੋਵੇਗਾ। ਤੁਸੀਂ ਪਰਵਾਹ ਕਰਨ ਲਈ ਮਾਨਸਿਕ ਤੌਰ ‘ਤੇ ਗੁੰਜਾਇਸ਼ ਤਾਂ ਬਣਾ ਸਕਦੇ ਹੋ, ਪਰ ਤੁਸੀਂ ਉਸ ਨੂੰ ਲਾਡ ਨਹੀਂ ਲਡਾ ਸਕਦੇ। ਗੰਭੀਰ ਵਚਨਬੱਧਤਾ ਲਈ, ਤੁਹਾਨੂੰ ਆਪਣੀਆਂ ਸਾਰੀਆਂ ਦੂਸਰੀਆਂ ਚੋਣਾਂ ਅਤੇ ਦੂਜੇ ਬਦਲਾਂ ਨੂੰ ਵਿਸਾਰਣਾ ਪਵੇਗਾ। ਜਿੰਨੀ ਘੱਟ ਤੁਸੀਂ ਕਿਸੇ ਭਾਵਨਾਤਮਕ ਵਿਸ਼ੇ ਦੀ ਪਰਵਾਹ ਕਰੋਗੇ, ਓਨੇ ਹੀ ਜ਼ਿਆਦਾ ਤੁਹਾਡੇ ਸਫ਼ਲ ਹੋਣ ਦੇ ਇਮਕਾਨ ਹਨ।

ਤੁਸੀਂ ਕੀ ਕਰਦੇ ਹੋ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਤੁਸੀਂ ਕਿੱਥੇ ਜਾਂਦੇ ਹੋ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਤੁਸੀਂ ਕੀ ਹਾਸਿਲ ਕਰਦੇ ਹੋ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਤੁਹਾਡੇ ਕਿੰਨੇ (ਜਾਂ ਕਿੰਨੇ ਘੱਟ) ਦੋਸਤ ਹਨ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇਸ ਨਾਲ ਵੀ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੇ ਕੋਲ ਪੈਸਾ ਕਿੰਨਾ ਹੈ। ਨਾ ਹੀ, ਜਿੱਥੇ ਤਕ ਇਸ ਗੱਲ ਦਾ ਤਾਅਲੁਕ ਹੈ, ਇਸ ਨਾਲ ਕੋਈ ਫ਼ਰਕ ਪੈਂਦੈ ਕਿ ਤੁਹਾਨੂੰ ਕੀ ਪਤੈ। ਜਾਂ ਤੁਹਾਨੂੰ ਕਿੰਨੀ ਸਮਝ ਹੈ। ਜਾਂ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਜਿੰਨੀ ਸਮਝ ਹੈ। ਫ਼ਰਕ ਇਸ ਗੱਲ ਨਾਲ ਪੈਂਦੈ ਕਿ ਤੁਸੀਂ ਖ਼ੁਦ ‘ਚ ਕਿੰਨਾ ਆਨੰਦ ਮਾਣ ਰਹੇ ਹੋ। ਕੀ ਤੁਸੀਂ ਆਪਣੇ ਜ਼ਿੰਦਾ ਹੋਣ ‘ਤੇ ਖ਼ੁਸ਼ ਹੋ? ਜੀਵਨ ਇਸ ਵਕਤ ਤੁਹਾਡੇ ਲਈ ਆਨੰਦ ਦਾ ਇੱਕ ਸਰੋਤ ਬਣ ਕੇ ਆਇਐ। ਇਸ ਤੋਂ ਵੱਧ ਇਸ ਸੰਸਾਰ ਤੋਂ ਭਲਾ ਤੁਸੀਂ ਹੋਰ ਕੀ ਉਮੀਦ ਕਰ ਸਕਦੇ ਹੋ?