ਨਵੀਂ ਦਿੱਲੀ — ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਵਿਡ-19 ਦੀ ਤੀਜੀ ਸੰਭਾਵਿਤ ਲਹਿਰ ਨਾਲ ਨਜਿੱਠਣ ਲਈ ਦਿੱਲੀ ਵਿਚ 5000 ਨੌਜਵਾਨਾਂ ਨੂੰ (ਹੈਲਥ ਅਸਿਸਟੈਂਟ) ਸਿਹਤ ਸਹਾਇਕਾਂ ਦੇ ਤੌਰ ’ਤੇ ਸਿਖਲਾਈ ਦੇਵੇਗੀ। ਕੇਜਰੀਵਾਲ ਨੇ ਕਿਹਾ ਕਿ ਸਿਹਤ ਸਹਾਇਕਾਂ ਜਾਂ ਕਮਿਊਨਿਟੀ ਨਰਸਿੰਗ ਸਹਾਇਕਾਂ ਨੂੰ ‘ਨਰਸਿੰਗ’ ਅਤੇ ਸਿਹਤ ਰੱਖਿਆ ਵਿਚ ਦੋ ਹਫ਼ਤੇ ਦੀ ਸਿਖਲਾਈ ਦਿੱਤੀ ਜਾਵੇਗੀ। ਇਹ ਐਲਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਕੀਤਾ।
28 ਜੂਨ ਨੂੰ 500 ਲੋਕਾਂ ਦੇ ਪਹਿਲੇ ਜਥੇ ਨਾਲ ਇਹ ਸਿਖਲਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੌਰਾਨ ਜਦੋਂ ਵੀ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਹੋਵੇਗੀ, ਸਿਹਤ ਸਹਾਇਕਾਂ ਨੂੰ ਬੁਲਾਇਆ ਜਾਵੇਗਾ। ਜਿੰਨੇ ਦਿਨ ਉਹ ਕੰਮ ਕਰਨਗੇ, ਉਸ ਹਿਸਾਬ ਨਾਲ ਉਨ੍ਹਾਂ ਨੂੰ ਭੁਗਤਾਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਸਿਖਲਾਈ ਲਈ ਅਪਲਾਈ ਕਰਨ ਵਾਲਿਆਂ ਨੂੰ 12ਵੀਂ ਪਾਸ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਸਿਖਲਾਈ ਲਈ ਅਰਜ਼ੀਆਂ 17 ਜੂਨ ਤੋਂ ‘ਪਹਿਲੇ ਆਓ, ਪਹਿਲੇ ਪਾਓ’ ਦੇ ਆਧਾਰ ’ਤੇ ਮਨਜ਼ੂਰ ਕੀਤੀਆਂ ਜਾਣਗੀਆਂ।
ਦੱਸ ਦੇਈਏ ਕਿ ਪਿਛਲੇ ਦਿਨੀਂ ਹੀ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਸੀ ਕਿ ਹੁਣ ਦੇਸ਼ ਭਰ ਵਿਚ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਹੈ। ਤੀਜੀ ਲਹਿਰ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰੀ ਕਰਨੀ ਹੋਵੇਗੀ। ਇਸ ਲਈ ਹੱਥ ’ਤੇ ਹੱਥ ਰੱਖ ਕੇ ਨਹੀਂ ਬੈਠਣਾ ਹੈ। ਤੀਜੀ ਲਹਿਰ ਆਉਣ ਦੀ ਉਮੀਦ ਹੈ, ਇਸ ਲਈ ਆਕਸੀਜਨ ਸਟੋਰ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ। ਦੂਜੀ ਲਹਿਰ ਵਿਚ ਆਕਸੀਜਨ ਦੀ ਕਮੀ ਮਹਿਸੂਸ ਹੋਈ, ਇਸ ਲਈ ਅਸੀਂ ਤੀਜੀ ਲਹਿਰ ਲਈ ਤਿਆਰੀ ਕਰ ਰਹੇ ਹਾਂ।