ਚੰਡੀਗੜ੍ਹ : ਇਕ ਪਾਸੇ ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਦੇ ਘਮਾਸਾਨ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁੱਟੀ ਹੋਈ ਹੈ ਤਾਂ ਦੂਜੇ ਪਾਸੇ 2022 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਹੀ ਮੁੱਖ ਮੰਤਰੀ ਦਾ ਨਾਅਰਾ ਬੁਲੰਦ ਹੋਣ ਲੱਗਿਆ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਕੈਪਟਨ ਸਮਰਥਨ ਦੇ ਪੋਸਟਰ ਵੀ ਲੱਗਣੇ ਚਾਲੂ ਹੋ ਗਏ ਹਨ ਤਾਂ ਉੱਧਰ ਮੁੱਖ ਮੰਤਰੀ ਵੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰ ਕੇ ਚੋਣਾਵੀ ਰਣਨੀਤੀ ਬਣਾਉਣ ਵਿਚ ਜੁੱਟ ਗਏ ਹਨ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਗੁਰਜੀਤ ਔਜਲਾ ਅਤੇ ਜਸਬੀਰ ਸਿੰਘ ਗਿੱਲ ਡਿੰਪਾ ਨਾਲ ਮੁਲਾਕਾਤ ਤੋਂ ਬਾਅਦ ਬੁੱਧਵਾਰ ਨੂੰ ਮੁੱਖ ਮੰਤਰੀ ਨੇ ਇਕ ਵਾਰ ਫਿਰ ਕਈ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਇਸ ਮੁਲਾਕਾਤ ਵਿਚ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ, ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਸਮੇਤ ਪਟਿਆਲਾ ਦੀ ਸੰਸਦ ਮੈਂਬਰ ਪਰਨੀਤ ਕੌਰ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਮੌਜੂਦ ਰਹੇ। ਪੰਜਾਬ ਦੇ ਇਨ੍ਹਾਂ ਸੰਸਦ ਮੈਂਬਰਾਂ ਨੇ ਇਕ ਸੁਰ ਵਿਚ ਕੈਪਟਨ ਦੀ ਪ੍ਰਧਾਨਗੀ ਵਿਚ 2022 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਜਿੱਤ ਹਾਸਲ ਕਰਨ ਦੀ ਗੱਲ ਕਹੀ। ਸੰਸਦ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਦੀ ਪੰਜਾਬ ਪ੍ਰਤੀ ਸੁਚਾਰੂ ਸੋਚ ’ਤੇ ਪੂਰਾ ਵਿਸ਼ਵਾਸ ਹੈ ਅਤੇ ਪੰਜਾਬ ਦੇ ਬਾਸ਼ਿੰਦਿਆਂ ਲਈ ਚੱਲ ਰਹੇ ਵਿਕਾਸ ਦੇ ਏਜੰਡੇ ਨਾਲ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਦਾ ਪਰਚਮ ਲਹਿਰਾਵੇਗੀ।
ਸੰਸਦ ਮੈਂਬਰਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਸਬੰਧੀ ਸਲਾਹ-ਮਸ਼ਵਰਾ ਕੀਤਾ। ਪੰਜਾਬ ਦੇ ਬਾਸ਼ਿੰਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹੀ ਅਗਲੀ ਵਾਰ ਆਪਣਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਪੰਜਾਬ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਕਾਂਗਰਸ ਦੇ ਬਰਾਬਰ ਕੋਈ ਨਹੀਂ ਹੈ। ਕੋਈ ਵੀ ਅਜਿਹਾ ਨਹੀਂ ਹੈ, ਜੋ ਕੈਪਟਨ ਅਮਰਿੰਦਰ ਸਿੰਘ ਦੇ ਬਿਹਤਰ ਸ਼ਾਸਨ ਪ੍ਰਬੰਧਨ ਦੇ ਰਿਕਾਰਡ, ਪ੍ਰਸ਼ਾਸਨਿਕ ਤਜ਼ਰਬੇ ਅਤੇ ਮੁਹਾਰਤ ਦੇ ਨਜ਼ਦੀਕ ਵੀ ਟਿਕਦਾ ਹੋਵੇ।
ਉਨ੍ਹਾਂ ਦੇ ਇਸ ਤਜ਼ਰਬੇ ਦੀ ਜ਼ਰੂਰਤ ਪੰਜਾਬ ਨੂੰ ਕੋਵਿਡ ਵਰਗੇ ਔਖੇ ਸਮੇਂ ਵਿਚ ਪੰਜਾਬ ਦੀ ਆਰਥਿਕ ਹਾਲਾਤ ਨੂੰ ਦੁਬਾਰਾ ਠੀਕ ਦਿਸ਼ਾ ਦੇਣ ਲਈ ਹੈ। ਸੰਸਦ ਮੈਂਬਰਾ ਨੇ ਅੱਗੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਲੜੇਗੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਅਤੇ ਨੀਤੀਆਂ ਨੂੰ ਜ਼ਮੀਨੀ ਪੱਧਰ ’ਤੇ ਬੇਹੱਦ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇਗਾ।