ਡਾਇਰੀਨਾਮਾ
ਨਿੰਦਰ ਘੁਗਿਆਣਵੀ
9417421700
6 ਜੂਨ ਨੇੜੇ ਆ ਰਿਹਾ ਸੀ, ਪਿਤਾ ਜੀ ਦੇ ਇਸ ਦੁਨੀਆਂ ‘ਤੋਂ ਚਲੇ ਜਾਣ ਦਾ ਦਿਨ। ਸੋਚ ਰਿਹਾ ਸਾਂ ਕਿੰਨਾ ਬੇਭਾਗਾ ਹਾਂ ਮੈਂ ਕਿ ਆਪਣੇ ਪਿਤਾ ਨਾਲ ਇੱਕ ਵੀ ਤਸਵੀਰ ਨਹੀਂ ਹੈ ਮੇਰੀ। ਦੁਨੀਆਂ ਭਰ ਦੇ ਲੋਕਾਂ ਨਾਲ ਤਾਂ ਬਹੁਤ ਸਾਰੀਆਂ ਤਸਵੀਰਾਂ ਹਨ, ਪਰ ਆਪਣੇ ਪਿਤਾ ਨਾਲ ਹੀ ਨਹੀਂ ਹੈ ਮੇਰੀ ਕੋਈ ਫ਼ੋਟੂ। ਝੋਰਾ ਖਾਂਦੈ।
ਪਾਠਕ ਦੋਸਤੋ, ਸੱਚ ਤਾਂ ਇਹ ਹੈ ਕਿ ਮੈਂ ਆਪਣੇ ਘਰ ਦੇ ਕਿਸੇ ਜੀਅ ਨਾਲ ਵੀ ਫ਼ੋਟੋ ਖਿਚਵਾਉਣ ਤੋਂ ਹਮੇਸ਼ਾ ਹੀ ਭੈਅ ਖਾਂਦਾ ਰਿਹਾਂ, ਪਤਾ ਨਹੀਂ ਕਿਓਂ! ਜਾਂ ਸ਼ਾਇਦ ਸਾਡੇ ਮਲਵਈ ਪੇਂਡੂ ਸਭਿਆਚਾਰ ‘ਚ ਫ਼ੋਟੋ ਕਲਚਰ ਓਨਾ ਵਿਕਸਿਤ ਨਹੀਂ ਸੀ ਹੋਇਆ ਅਤੇ ਫ਼ੋਟੋਆਂ ਖਿਚਵਾਉਣ ਦਾ ਆਮ ਰਿਵਾਜ ਨਹੀਂ ਸੀ। ਕਦੇ ਓਦਾਂ ਕਿਸੇ ਖ਼ਾਸ ਮੌਕੇ ਉਤੇ ਨੇੜਲੇ ਸ਼ਹਿਰੋਂ ਫ਼ੋਟੋਗ੍ਰਾਫ਼ਰ ਬੁਲਾਇਆ ਜਾਂਦਾ ਅਤੇ ਆਏ ਫ਼ੋਟੋਗ੍ਰਾਫ਼ਰ ਵੱਲ ਹਰ ਕੋਈ ਬੜੀ ਉਤਸੁਕਤਾ ਨਾਲ ਵੇਖਦਾ। ਫ਼ੋਟੋਗ੍ਰਾਫ਼ਰ ਦੇ ਗਲ ‘ਚ ਪਾਏ ਕੈਮਰੇ ਨੂੰ ਬੜੀ ਗਹੁ ਨਾਲ ਨਿਹਾਰਦੇ ਲੋਕ! ਮੈਨੂੰ ਚੇਤੇ ਹੈ ਜਦੋਂ ਕਿਸੇ ਦੇ ਵਿਆਹ ਦੀ ਬਲੈਕ ਐਂਡ ਵਾਈਟ ਐਲਬਮ ਬਣ ਕੇ ਆਉਣੀ ਅਤੇ ਜਿਸ ਮੇਲੀ ਦੀਆਂ ਉਹਦੇ ਵਿੱਚ ਬਹੁਤੀਆਂ ਫ਼ੋਟੂਆਂ ਹੋਣੀਆਂ ਤਾਂ ਆਮ ਕਹਿੰਦੇ ਹੁੰਦੇ ਸਨ ਕਿ ਫ਼ਲਾਣਾ ਸਾਡੇ ਵਿਆਹ ‘ਚ ਮੂਹਰੇ ਹੋ ਹੋ ਕੇ ਐਨੀਆਂ ਫ਼ੋਟਆਂ ਖਿਚਵਾ ਗਿਐ ਜਿੰਨੀਆਂ ਸਾਡੇ ਸਾਰੇ ਟੱਬਰ ਦੀਆਂ ਵੀ ਨਹੀਂ ਖਿਚੀਆਂ ਗਈਆਂ। ਅਸੀਂ ਵੀ ਇਹਦੇ ਵਿਆਹ ‘ਚ ਇਵੇਂ ਈ ਕਰਾਂਗੇ। ਇਹੋ ਜਿਹੇ ਵੇਲੇ ਸਨ ਮੇਰੇ ਬਚਪਨ ਦੇ!
ਆਪਣੇ ਪਿਤਾ ਨਾਲ ਮੈਂ ਫ਼ੋਟੋ ਇਸ ਕਰ ਕੇ ਵੀ ਨਹੀਂ ਸੀ ਖਿਚਵਾਈ ਕਿ ਕਿਤੇ ਸ਼ਾਇਦ ਉਹ ਇਹ ਹੀ ਨਾ ਸੋਚਣ ਕਿ ਏਹਨੂੰ ਮੇਰੇ ਨਾਲ ਫ਼ੋਟੂ ਖਿਚਵਾਉਣ ਦੀ ਇੰਨੀ ਕਾਹਲ ਕਾਹਦੀ ਪਈ ਹੋਈ ਹੈ? ਮੈਂ ਤਾਂ ਹਾਲੇ ਜੀਊਣੈ! ਚੰਗਾ ਭਲਾ ਹਾਂ ਮੈਂ ਤਾਂ ਹਾਲੇ। ਬਹੁਤੀ ਵਾਰ ਲੋਕ ਖ਼ੁਸ਼ੀ ਦੇ ਮੌਕੇ ਦੇ ਨਾਲ ਨਾਲ ਓਦੋਂ ਹੀ ਫ਼ੋਟੋਗ੍ਰਾਫ਼ਰ ਬੁਲਾਉਂਦੇ ਸਨ ਜਦੋਂ ਘਰ ਦਾ ਕੋਈ ਜੀਅ ਮਰਨ ਵਾਲਾ ਹੁੰਦਾ ਸੀ, ਅਤੇ ਉਹਦੇ ਨਾਲ ਯਾਦਗਾਰੀ ਤਸਵੀਰਾਂ ਖਿੱਚਵਾ ਕੇ ਫ਼ਰੇਮ ਕਰਵਾ ਕੇ ਨਿਸ਼ਾਨੀ ਰੱਖੀ ਜਾਂਦੀ ਸੀ। ਉਹ ਵੇਲੇ ਬੀਤ ਗਏ ਪਰੰਤੂ ਇਹੋ ਜਿਹੇ ਭਾਵ ਮੈਂ ਆਪੇ ਈ ਸਿਰਜੀ ਬੈਠਾ ਸਾਂ ਅਤੇ ਇਸੇ ਕਾਰਣ ਹੁਣ ਤੀਕ ਮੇਰੀ ਫ਼ੋਟੋ ਆਪਣੇ ਘਰ ਦੇ ਜੀਆਂ ਨਾਲ ਘੱਟ ਹੀ ਲੱਭਦੀ ਹੈ। ਸਾਡੇ ਘਰਾਂ ‘ਚ ਇੱਕ ਦੂਸਰੇ ਨਾਲ ਫ਼ੋਟੋਆਂ ਖਿਚਣ ਖਿਚਵਾਉਣ ਦਾ ਪਹਿਲਾਂ ਤੋਂ ਹੀ ਕਦੇ ਸੁਭਾਅ ਜਿਹਾ ਨਹੀਂ ਬਣਿਆ।
ਹੁਣ ਮੈਂ ਜਦ ਕਦੇ ਕਿਸੇ ਵੱਡੇ ਵਡੇਰੇ ਕਲਾਕਾਰ ਜਾਂ ਮਹਾਨ ਸ਼ਖ਼ਸੀਅਤ ਦੀ ਜੀਵਨੀ ਪੜਦਾ ਹਾਂ ਜਾਂ ਉਨ੍ਹਾਂ ਉੱਤੇ ਬਣੀ ਕੋਈ ਫ਼ਿਲਮ ਦੇਖਦਾ ਹਾਂ ਤਾਂ ਸਭਨਾ ਦੀਆਂ ਆਪਣੇ ਪੂਰਵਜਾਂ ਜਾਂ ਪਰਿਵਾਰਾਂ ਨਾਲ ਦੁਰਲੱਭ ਤਸਵੀਰਾਂ ਤਕਦਿਆਂ ਆਨੰਦ ਪ੍ਰਸੰਨ ਹੋ ਜਾਂਦਾਂ। ਸਮਿਆਂ ਦੇ ਸਮੇਂ ਅੱਖਾਂ ਮੂਹਰਦੀ ਘੁੰਮੀ ਜਾਂਦੇ ਨੇ ਕਿਸੇ ਸੁਨੱਖੀ ਫ਼ਿਲਮ ਵਾਂਗ।
****
2012 ਦਾ ਸਾਲ ਸੀ ਅਤੇ ਜੂਨ ਦੀ ਛੇ ਤਰੀਕ। ਪਿਤਾ ਜੀ ਨੂੰ ਸਿਵਿਆਂ ਵੱਲ ਤੋਰਿਆ ਸੀ। ਹੁਣ ਗੱਲ 3 ਜੂਨ ਦੀ ਹੈ। ਸੋਚੀ ਜਾਵਾਂ ਅਤੇ ਝੁਰਾਂ ਵੀ ਕਿ ਆਪਣੇ ਬਾਬਲ ਨਾਲ ਕਦੇ ਫ਼ੋਟੋ ਕਿਓਂ ਨਾ ਖਿਚਵਾਈ, ਨਿੰਦਰ ਕਾਫ਼ਰਾ! ਐਨੇ ਮੌਕੇ ਆਏ। ਐਨੇ ਕੈਮਰੇ ਵੀ ਘੁੰਮ ਘੁੰਮ ਲਿਸ਼ਕਦੇ ਰਹੇ ਆਲ ਦੁਆਲੇ? ਜਦ ਕੋਈ ਮਿਤਰ ਪਿਆਰਾ ਆਪਣੇ ਪਿਓ ਨੂੰ ਯਾਦ ਕਰਦਿਆਂ ਫ਼ੇਸਬੁਕ ਵਗੈਰਾ ‘ਤੇ ਕੋਈ ਫ਼ੋਟੋ ਪਾਉਂਦੈ ਤਾਂ ਬੜਾ ਚੰਗਾ ਲਗਦੈ, ਪਰ ਮੈਂ ਆਪਣੇ ਆਪ ਨੂੰ ਮਾੜਾ ਮਹਿਸੂਸ ਕਰਨ ਲੱਗ ਪੈਂਦਾਂ।
ਪਰਸੋਂ ਆਥਣ ਵੇਲੇ ਕੋਟ ਭਾਈ ਵਾਲਾ ਭੂਆ ਦਾ ਮੁੰਡਾ ਰਾਜਾ ਦੁੱਗਲ ਚੈਟ ਕਰ ਰਿਹਾ ਸੀ ਵ੍ਹਾਟਸਐਪ ‘ਤੇ। ਇੱਕ ਫ਼ੋਟੋ ਭੇਜਦਾ ਹੈ ਮੇਰੀ ਮੇਰੇ ਪਿਤਾ ਨਾਲ, ਜੋ ਮੈਂ ਹਥਲੀ ਲਿਖਤ ‘ਚ ਸਾਂਝੀ ਕੀਤੀ ਹੈ ਆਪ ਸਭ ਨਾਲ। ਫ਼ੋਟੋ ਦੇਖ ਕੇ ਜਿੱਥੇ ਇੱਕ ਪਲ ਲਈ ਹੈਰਾਨੀ ਭਰੀ ਖ਼ੁਸ਼ੀ ਹੋਈ ਉੱਥੇ ਦੂਸਰੇ ਹੀ ਪਲ ਅੱਖਾਂ ਭਰ ਆਈਆਂ। ਕਮਾਲ ਹੋ ਗਈ। ਪਰ ਪਤਾ ਨਹੀਂ ਸੀ ਲੱਗ ਰਿਹਾ ਕਿ ਫ਼ੋਟੋ ਕਿਥੋਂ ਦੀ ਹੈ। ਭੂਆ ਦੇ ਮੁੰਡੇ ਨੇ ਦੱਸਿਆ ਕਿ ਉਸ ਦੀ ਭੈਣ ਦੇ ਵਿਆਹ ਦੀ ਸਤਾਰਾਂ ਸਾਲ ਪਹਿਲਾਂ ਦੀ ਹੈ। ਉਸ ਨੇ ਕਿਹਾ ਕਿ ਜਦੋਂ ਇਹ ਫ਼ੋਟੋ ਖਿੱਚੀ ਸੀ ਤਾਂ ਉਹ ਕੋਲ ਈ ਖੜਾ ਸੀ। ”ਮਾਮੇ ਨੇ ਆਪ ਥੋਨੂੰ ਕਿਹਾ ਸੀ, ਨਿੰਦਰਾ, ਆ ਐਧਰ ਖੜ੍ਹ ਮੇਰੇ ਕੋਲ ਆਪਾਂ ਵੀ ਫ਼ੋਟੂ ਖਿਚਾਈਏ ਪਿਓ ਪੁੱਤ।” ਭੂਆ ਦੇ ਮੁੰਡੇ ਤੋਂ ਗੱਲ ਸੁਣਦਿਆਂ ਮੇਰੀਆਂ ਅੱਖਾਂ ਨਮ ਹੋ ਗਈਆਂ। ਡਾਇਰੀਨਾਮਾ ਲਿਖਦਿਆਂ ਫ਼ੋਟੋ ਵੱਲ ਦੇਖ ਰਿਹਾਂ!