ਸਮਰਾਲਾ: ਹਲਕਾ ਸਮਰਾਲਾ ’ਚ ਸ਼੍ਰੋਮਣੀ ਅਕਾਲੀ ਦਲ ਅੰਦਰ ਉੱਠੀ ਬਗਾਵਤ ਰੁਕਣ ਦਾ ਨਾਂ ਨਹੀਂ ਲੈ ਰਹੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਹਲਕੇ ਤੋਂ ਕਿਸੇ ਨਵੇਂ ਵਿਅਕਤੀ ਨੂੰ ਹਲਕਾ ਇੰਚਾਰਜ ਲਗਾਏ ਜਾਣ ਦਾ ਫ਼ੈਸਲਾ ਪਾਰਟੀ ’ਤੇ ਭਾਰੀ ਪੈ ਰਿਹਾ ਹੈ। ਕੁੱਝ ਦਿਨ ਪਹਿਲਾਂ ਹਲਕੇ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵੱਲੋਂ ਪਾਰਟੀ ਦੇ ਇਸ ਫ਼ੈਸਲੇ ਦਾ ਭਾਰੀ ਵਿਰੋਧ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਤੱਕ ਛੱਡ ਦਿੱਤਾ ਗਿਆ ਸੀ ਅਤੇ ਮਗਰੋਂ ਉਹ ਆਪ ਪਾਰਟੀ ਵਿੱਚ ਸ਼ਾਮਲ ਹੋ ਗਏ। ਅੱਜ ਹੁਣ ਇਸ ਹਲਕੇ ਦੇ ਬਹੁਤ ਹੀ ਪੁਰਾਣੇ ਅਤੇ ਟਕਸਾਲੀ ਸੀਨੀਅਰ ਅਕਾਲੀ ਆਗੂ ਇੰਦਰਜੀਤ ਸਿੰਘ ਲੋਪੋਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਆਪਣੇ ਅਹੁਦਿਆਂ ਤੋਂ ਇਹ ਕਹਿੰਦੇ ਹੋਏ ਅਸਤੀਫ਼ੇ ਦੇ ਦਿੱਤੇ ਕਿ ਸਮਰਾਲਾ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ ਨੂੰ ਵੇਖਦੇ ਹੋਏ ਉਹ ਪਾਰਟੀ ਲਈ ਕੰਮ ਨਹੀਂ ਕਰ ਸਕਦੇ।
ਸ. ਲੋਪੋਂ ਸੈਂਟਰਲ ਬੈਂਕ ਲੁਧਿਆਣਾ ਦੇ ਚੇਅਰਮੈਨ ਵੀ ਰਹੇ ਹਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਧੀਨ ਚੱਲਦੀ ਇਲਾਕੇ ਦੀ ਉੱਘੀ ਵਿੱਦਿਅਕ ਸੰਸਥਾ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਇਲਾਵਾ ਨਨਕਾਣਾ ਸਾਹਿਬ ਸਕੂਲ ਟਰੱਸਟ ਸਮਰਾਲਾ ਦੇ ਸਕੱਤਰ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੇਜਿਆ ਹੈ। ਉਨ੍ਹਾਂ ਨੇ ਅਸਤੀਫ਼ਾ ਤੁਰੰਤ ਮਨਜ਼ੂਰ ਕਰਨ ਲਈ ਕਿਹਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਇੰਦਰਜੀਤ ਸਿੰਘ ਲੋਪੋਂ ਇਸ ਹਲਕੇ ਦੇ ਅਜਿਹੇ ਨਿਧੜਕ ਅਤੇ ਸੀਨੀਅਰ ਅਕਾਲੀ ਆਗੂ ਹਨ, ਜਿਨ੍ਹਾਂ ਦੇ ਸਵ. ਗੁਰਚਰਨ ਸਿੰਘ ਟੌਹੜਾ ਨਾਲ ਬਹੁਤ ਨਜ਼ਦੀਕੀ ਸਬੰਧ ਰਹੇ ਹਨ ਅਤੇ ਉਨ੍ਹਾਂ ਦੇ ਸਮੇਂ ਲੋਪੋਂ ਪਰਿਵਾਰ ਵੱਲੋਂ ਇਸ ਹਲਕੇ ਕਈ ਫ਼ਖਰਯੋਗ ਕੰਮ ਕੀਤੇ ਗਏ, ਜਿਨ੍ਹਾਂ ਦੀ ਇਸ ਹਲਕੇ ਦੇ ਲੋਕ ਅੱਜ ਵੀ ਮਿਸਾਲ ਦਿੰਦੇ ਹਨ। ਇਲਾਕੇ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਸਮੇਤ ਹੋਰ ਸਮਾਜ ਸੇਵੀ ਕੰਮਾਂ ਲਈ ਹਮੇਸ਼ਾ ਯੋਗਦਾਨ ਪਾਉਂਦੇ ਰਹੇ ਸ. ਲੋਪੋਂ ਦੇ ਅਕਾਲੀ ਸਿਆਸਤ ਵਿੱਚੋਂ ਇੰਝ ਕਿਨਾਰਾ ਕਰ ਲਏ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਸਿਆਸੀ ਨੁਕਸਾਨ ਝੱਲਣਾ ਪਵੇਗਾ।
ਬਬਲੂ ਲੋਪੋਂ ਪਹਿਲਾ ਹੀ ਦੇ ਚੁੱਕੇ ਹਨ ਪ੍ਰਧਾਨਗੀ ਤੋਂ ਅਸਤੀਫ਼ਾ
ਅੱਜ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਵਾਲੇ ਸੀਨੀਅਰ ਅਕਾਲੀ ਆਗੂ ਇੰਦਰਜੀਤ ਸਿੰਘ ਲੋਪੋਂ ਦੇ ਸਪੁੱਤਰ ਬਰਜਿੰਦਰ ਸਿੰਘ ਬਬਲੂ ਲੋਪੋਂ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਪਹਿਲਾ ਹੀ ਅਸਤੀਫ਼ਾ ਦੇ ਚੁੱਕੇ ਹਨ। ਇਸ ਹਲਕੇ ਤੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਮੰਨੇ ਜਾਂਦੇ ਲੋਪੋਂ ਪਰਿਵਾਰ ਨੇ ਇਸ ਹਲਕੇ ਅੰਦਰ ਪਾਰਟੀ ਲਈ ਚੋਣ ਪ੍ਰਚਾਰ ਕਰਨ ਤੋਂ ਵੀ ਕੋਰੀ ਨਾਂਹ ਕਰ ਦਿੱਤੀ ਹੈ। ਹਾਲਾਂਕਿ ਪਾਰਟੀ ਦੇ ਕਈ ਵੱਡੇ ਲੀਡਰ ਲੋਪੋਂ ਪਰਿਵਾਰ ਨੂੰ ਮਨਾਉਣ ਵਿੱਚ ਜੁੱਟੇ ਹੋਏ ਹਨ ਪਰ ਲੋਪੋਂ ਪਰਿਵਾਰ ਦੇ ਤੇਵਰਾਂ ਨੂੰ ਵੇਖਦੇ ਜਾਪਦਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਇਸ ਹਲਕੇ ਵਿੱਚ ਰੁੱਸੇ ਹੋਏ ਆਗੂਆਂ ਕਾਰਨ ਵੱਡਾ ਨੁਕਸਾਨ ਝੱਲਣਾ ਪਵੇਗਾ।