ਇਸਲਾਮਾਬਾਦ : ਉੱਤਰੀ ਕੋਰੀਆ ਦੇ ਤਾਨਾਸ਼ਾਹ ਹੁਕਮਰਾਨ ਕਿਮ ਜੋਂਗ ਉਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਰਮਿਆਨ ਲੁਕਵੇਂ ਢੰਗ ਨਾਲ ਦੋਸਤੀ ਵਧ ਰਹੀ ਹੈ। ਇਸ ਦੋਸਤੀ ’ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਚੀਨ।
ਜਾਣਕਾਰੀ ਮਿਲੀ ਹੈ ਕਿ ਉੱਤਰੀ ਕੋਰੀਆ ਦੇ 1718 ਜਹਾਜ਼ਾਂ ਨੇ ਪਿਛਲੇ 3 ਸਾਲ ਦੌਰਾਨ ਕਈ ਦੇਸ਼ਾਂ ਦਾ ਭੇਤ ਭਰੇ ਢੰਗ ਨਾਲ ਦੌਰਾ ਕੀਤਾ ਹੈ। ਇਨ੍ਹਾਂ ਵਿਚ ਪਾਕਿਸਤਾਨ ਵੀ ਸ਼ਾਮਲ ਹੈ। ਭਾਰਤੀ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਕਿਤੇ ਉੱਤਰੀ ਕੋਰੀਆ ਪਾਕਿਸਤਾਨ ਨੂੰ ਲੰਬੀ ਦੂਰੀ ਤਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਪ੍ਰਮਾਣੂ ਬੰਬ ਬਣਾਉਣ ਦੀ ਤਕਨੀਕ ’ਚ ਮਦਦ ਤਾਂ ਨਹੀਂ ਕਰ ਰਿਹਾ?
ਇਕ ਖਬਰ ਮੁਤਾਬਕ ਚੋਰੀ-ਛਿਪੇ ਹੋਈਆਂ ਉਕਤ ਮੂਵਮੈਂਟਸ ਕਾਰਨ ਅਮਰੀਕਾ ਵੀ ਚਿੰਤਤ ਹੈ। ਇਹ ਖਦਸ਼ਾ ਅਜਿਹੇ ਸਮੇਂ ਵਧਿਆ ਹੈ ਜਦੋਂ ਗੁਜਰਾਤ ਦੀ ਕਾਂਡਲਾ ਬੰਦਰਗਾਹ ’ਤੇ ਪਿਛਲੇ ਸਾਲ ਇਕ ਚੀਨੀ ਜਹਾਜ਼ ਰਾਹੀਂ ਸੁਰੱਖਿਆ ਏਜੰਸੀਆਂ ਨੇ ਮਿਜ਼ਾਈਲਾਂ ਦੀ ਮਾਰ ਕਰਨ ਦੀ ਸਮਰੱਥਾ ਵਧਾਉਣ ਵਾਲਾ ਆਟੋਕਲੇਵ ਬਰਾਮਦ ਕੀਤਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਜਹਾਜ਼ ਚੋਰੀ-ਛਿਪੇ ਪਾਕਿਸਤਾਨ ਦੀ ਕਰਾਚੀ ਬੰਦਰਗਾਹ ਵੱਲ ਜਾ ਰਿਹਾ ਸੀ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਹ ਆਟੋਕਲੇਵ ਪਾਕਿਸਤਾਨ ਦੀ ਸ਼ਾਹੀਨ ਮਿਜ਼ਾਈਲ ’ਚ ਵਰਤਿਆ ਜਾਣਾ ਸੀ।