ਮੁੰਬਈ— ਮੁੰਬਈ ’ਚ ਮਾਨਸੂਨ ਦੀ ਦਸਤਕ ਨਾਲ ਹੀ ਵੱਡਾ ਹਾਦਸਾ ਵਾਪਰ ਗਿਆ। ਮੋਹਲੇਧਾਰ ਮੀਂਹ ਕਾਰਨ ਬੁੱਧਵਾਰ ਰਾਤ ਕਰੀਬ 11 ਵਜੇ ਮਲਾਡ ਵੈਸਟ ਇਲਾਕੇ ਵਿਚ 4 ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ ਜਾਣ ਨਾਲ 11 ਲੋਕਾਂ ਦੀ ਮੌਤ ਹੋ ਗਈ ਅਤੇ 8 ਜ਼ਖਮੀ ਹੋ ਗਏ। ਤਲਾਸ਼ੀ ਅਤੇ ਬਚਾਅ ਮੁਹਿੰਮ ਲਗਾਤਾਰ ਜਾਰੀ ਹੈ। ਬਚਾਅ ਕਾਮਿਆਂ ਨੇ 18 ਲੋਕਾਂ ਨੂੰ ਬਚਾਇਆ ਹੈ। ਇਨ੍ਹਾਂ ’ਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ।
ਓਧਰ ਗ੍ਰੇਟਰ ਮੁੰਬਈ ਮਹਾਨਗਰ ਪਾਲਿਕਾ (ਬੀ. ਐੱਮ. ਸੀ.) ਦੇ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ’ਚ 8, 9 ਅਤੇ 13 ਸਾਲ ਦੇ ਤਿੰਨ ਬੱਚਿਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜ਼ਖਮੀ ਹੋਏ 8 ਲੋਕਾਂ ਦੀ ਹਾਲਤ ਗੰਭੀਰ ਹੈ। ਮਲਬੇ ਹੇਠੋਂ ਕੱਢੇ ਗਏ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਹਾਨਗਰ ਪਾਲਿਕਾ ਅਤੇ ਫਾਇਰ ਬਿ੍ਰਗੇਡ ਮਹਿਕਮੇ ਦੇ ਅਧਿਕਾਰੀਆਂ ਮੁਤਾਬਕ ਕੁਝ ਹੋਰ ਲੋਕ ਵੀ ਮਲਬੇ ’ਚ ਫਸੇ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦਰਅਸਲ ਮਕਾਨ ਨੇੜੇ ਹੀ ਬਣੇ ਇਕ ਮੰਜ਼ਿਲਾ ਢਾਂਚੇ ’ਤੇ ਡਿੱਗ ਗਿਆ ਅਤੇ ਇਸ ਦੇ ਨਾਲ ਹੀ 3 ਮੰਜ਼ਿਲਾ ਇਮਾਰਤ ਵੀ ਹਿੱਲ ਗਈ।
ਗ੍ਰੇਟਰ ਮੁੰਬਈ ਮਹਾਨਗਰ ਪਾਲਿਕਾ (ਬੀ. ਐੱਮ. ਸੀ.) ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਨਾਲ ਹੀ ਮਲਬੇ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ ਰਾਹਤ ਕੰਮ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮਲਬੇ ਹੇਠਾਂ ਕੁਝ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਬਚਾਅ ਟੀਮਾਂ ਉਨ੍ਹਾਂ ਦੀ ਤਲਾਸ਼ ’ਚ ਜੁੱਟੀਆਂ ਹੋਈਆਂ ਹਨ। ਇਸ ਹਾਦਸੇ ਨੂੰ ਲੈ ਕੇ ਮਹਾਰਾਸ਼ਟਰ ਦੇ ਮੰਤਰੀ ਅਸਲਮ ਸ਼ੇਖ ਦਾ ਕਹਿਣਾ ਹੈ ਕਿ ਇਹ ਇਮਾਰਤ ਤੇਜ਼ ਮੀਂਹ ਕਾਰਨ ਡਿੱਗੀ ਹੈ।
ਦੱਸ ਦੇਈਏ ਕਿ ਮੁੰਬਈ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਬੁੱਧਵਾਰ ਨੂੰ ਮਾਨਸੂਨ ਨੇ ਦਸਤਕ ਦਿੱਤੀ ਅਤੇ ਮੋਹਲੇਧਾਰ ਮੀਂਹ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ। ਜਿਸ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਅਤੇ ਸੜਕ ਆਵਾਜਾਈ ਦੇ ਨਾਲ ਹੀ ਲੋਕਲ ਟਰੇਨ ਸੇਵਾਵਾਂ ’ਚ ਵੀ ਰੁਕਾਵਟ ਪੈਦਾ ਹੋਈ।