ਹਰਿਦੁਆਰ – ਐਲੋਪੈਥੀ ਨੂੰ ਲੈ ਕੇ ਵਿਵਾਦਿਤ ਬਿਆਨ ਦੇ ਕੇ ਸੁਰਖੀਆਂ ਵਿੱਚ ਆਏ ਬਾਬਾ ਰਾਮਦੇਵ ਹੁਣ ਯੂ-ਟਰਨ ਲੈਂਦੇ ਹੋਏ ਨਜ਼ਰ ਆ ਰਹੇ ਹਨ। ਰਾਮਦੇਵ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰ ਕਿਹਾ ਕਿ ਸਰਜਰੀ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਐਲੋਪੈਥੀ ਹੀ ਦਵਾਈ ਦਾ ਸਭ ਤੋਂ ਬਿਹਤਰ ਤਰੀਕਾ ਹੈ। ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸੰਗਠਨ ਜਾਂ ਦਵਾਈ ਦੇ ਤਰੀਕੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜੋ ਚੰਗੇ ਡਾਕਟਰ ਹਨ ਉਹ ਧਰਤੀ ‘ਤੇ ਦੇਵਦੂਤ ਦੀ ਤਰ੍ਹਾਂ ਹਨ। ਹਾਲਾਂਕਿ ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਗੈਰ-ਜ਼ਰੂਰੀ ਦਵਾਈਆ ਅਤੇ ਇਲਾਜ ਦੇ ਨਾਮ ‘ਤੇ ਕਿਸੇ ਦਾ ਵੀ ਸ਼ੋਸ਼ਣ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਉਹ ਪਤੰਜਲੀ ਯੋਗਪੀਠ ਵਿੱਚ ਯੋਗ ਗ੍ਰਾਮ ਦੇ ਉਦਘਾਟਨ ਦੌਰਾਨ ਇਹ ਕਹਿ ਰਹੇ ਸਨ। ਸਵਾਮੀ ਰਾਮਦੇਵ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਸ ਨਾਲ ਲੋਕਾਂ ਨੂੰ ਘੱਟ ਕੀਮਤਾਂ ਵਿੱਚ ਜੈਨੇਰਿਕ ਦਵਾਈਆਂ ਆਸਾਨੀ ਨਾਲ ਉਪਲੱਬਧ ਹੋ ਰਹੀਆਂ ਹਨ, ਜੋ ਕਿ ਇੱਕ ਵਧੀਆ ਕਦਮ ਹੈ।