ਇੰਦੌਰ– ਮੱਧ ਪ੍ਰਦੇਸ਼ ’ਚ ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਇੰਦੌਰ ਜ਼ਿਲੇ ’ਚ ਮਹਾਮਾਰੀ ਦਾ ਪ੍ਰਕੋਪ ਘੱਟਣ ਪਿਛੋਂ ਬਲੈਕ ਫੰਗਸ ਮੈਡੀਕਲ ਜਗਤ ਦੇ ਸਾਹਮਣੇ ਇਕ ਨਵੀਂ ਚੁਣੌਤੀ ਵਜੋਂ ਉਭਰ ਰਿਹਾ ਹੈ। ਰੋਗੀਆਂ ਦੇ ਨੱਕ, ਮੂੰਹ, ਅੱਖਾਂ ਅਤੇ ਦਿਮਾਗ ਪਿਛੋਂ ਫੇਫੜਿਆਂ ਅਤੇ ਪੇਟ ਵਿਚ ਵੀ ਬਲੈਕ ਫੰਗਸ ਦੀ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਥੋਂ ਦੇ ਇਕ ਹਸਪਤਾਲ ’ਚ ਪੇਟ ਰੋਗ ਵਿਭਾਗ ਦੇ ਮੁਖੀ ਡਾ. ਅਜੈ ਜੈਨ ਨੇ ਦੱਸਿਆ ਕਿ ਪਿਛਲੇ ਇਕ ਹਫਤੇ ਦੌਰਾਨ ਸਾਨੂੰ ਅਜਿਹੇ ਦੋ ਮਰੀਜ਼ ਮਿਲੇ ਜਿਨ੍ਹਾਂ ਦੇ ਪੇਟ ’ਚ ਬਲੈਕ ਫੰਗਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਉਹ ਕੁਝ ਸਮਾਂ ਪਹਿਲਾਂ ਹੀ ਕੋਰੋਨਾ ਤੋਂ ਠੀਕ ਹੋਏ ਸਨ।
ਜੈਨ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਇਕ ਵਿਅਕਤੀ 62 ਸਾਲ ਦੀ ਉਮਰ ਦਾ ਹੈ। ਉਹ ਸਾਡੇ ਕੋਲ ਅੰਤੜੀਆਂ ਦੀ ਰੁਕਾਵਟ ਅਤੇ ਪੇਟ ਦੀ ਸਫਾਈ ਨਾ ਹੋਣ ਦੀ ਸ਼ਿਕਾਇਤ ਨੂੰ ਲੈ ਕੇ ਆਇਆ ਸੀ। ਉਸ ਦੀ ਛੋਟੀ ਅੰਤੜੀ ਦਾ ਤਿੰਨ ਫੁੱਟ ਲੰਬਾ ਹਿੱਸਾ ਸੜ ਚੁੱਕਾ ਸੀ। ਉਸ ਮਰੀਜ਼ ਦੀ ਜਾਨ ਨਹੀਂ ਬਚਾਈ ਜਾ ਸਕੀ। ਦੂਜੇ ਮਾਮਲੇ ’ਚ 44 ਸਾਲਾ ਇਕ ਵਿਅਕਤੀ ਦੀ ਸਰਜਰੀ ਤੋਂ ਬਾਅਦ ਬਲੈਕ ਫੰਗਸ ਦੀ ਇਨਫੈਕਸ਼ਨ ਨੂੰ ਹਟਾਇਆ ਗਿਆ।