ਇਹ ਪੈਸਾ ਨਹੀਂ ਜਿਹੜਾ ਇਸ ਸੰਸਾਰ ਨੂੰ ਚਲਾਉਂਦਾ ਹੈ। ਕੇਵਲ ਪਿਆਰ ਹੀ ਅਜਿਹਾ ਕਰ ਸਕਦੈ। ਉਸ ਸ਼ਕਤੀ ਬਾਰੇ ਸੋਚੋ ਜਿਸ ਨੇ ਤੁਹਾਨੂੰ ਇਸ ਧਰਤੀ ‘ਤੇ ਭੇਜਿਆ ਸੀ। ਉਸ ਤਾਕਤ ਦੀ ਕਲਪਨਾ ਕਰੋ ਜਿਸ ਨੇ ਤੁਹਾਨੂੰ ਜੀਵਨ ਦਿੱਤਾ ਹੈ। ਓਦੋਂ ਇਹ ਇਸ ਸਮੁੱਚੀ ਬ੍ਰਹਿਮੰਡੀ ਕਾਇਨਾਤ ਦੀ ਬੇਪਨਾਹ ਫ਼ਰਾਖ਼ਦਿਲੀ ਨਹੀਂ ਤਾਂ ਫ਼ਿਰ ਹੋਰ ਕੀ ਸੀ ਜਦੋਂ ਉਸ ਨੇ ਤੁਹਾਨੂੰ ਮਨੁੱਖੀ ਰੂਪ ‘ਚ ਇਸ ਸੰਸਾਰ ‘ਚ ਵਿਚਰਣ ਦੀ ਇਜਾਜ਼ਤ ਦਿੱਤੀ ਸੀ? ਓਹੀ ਗ਼ਜ਼ਬ ਦਾ, ਦੈਵੀ ਪ੍ਰੇਮ ਇਸ ਵਕਤ ਤੁਹਾਡੇ ਦਿਲ ‘ਚ ਵੱਸ ਰਿਹੈ। ਉਸ ‘ਤੇ ਸ਼ੱਕ ਨਾ ਕਰੋ। ਉਸ ਨੂੰ ਆਪਣੇ ਅੰਦਰ ਪਨਪਣ ਦਿਓ। ਤੁਹਾਡੇ ਕੋਲ ਇਸ ਵਕਤ ਇੱਕ ਸਿਤਾਰੇ ਵਾਂਗ ਚਮਕਣ, ਦਿਲਾਂ ਨੂੰ ਪਿਘਲਾਉਣ, ਅੜਚਨਾਂ ਨੂੰ ਹਟਾਉਣ ਅਤੇ ਆਨੰਦਮਈ ਤਜਰਬਿਆਂ ਨੂੰ ਸਾਂਝਾ ਕਰਨ ਦਾ ਮੌਕਾ ਹੈ। ਉਸ ਮੌਕੇ ਦਾ ਮੁਕੰਮਲ ਆਨੰਦ ਮਾਣੋ!

ਛੇਤੀ ਹੀ ਇੱਕ ਨਵਾਂ ਦਿਨ ਚੜ੍ਹੇਗਾ। ਅਤੇ ਫ਼ਿਰ ਇੱਕ ਹੋਰ। ਦਿਨਾਂ ਦਾ ਇਹੀ ਤਾਂ ਕੰਮ ਹੁੰਦੈ। ਉਹ ਚੜ੍ਹਦੇ ਨੇ ਅਤੇ ਫ਼ਿਰ, ਅੰਤ ‘ਚ, ਡੁੱਬ ਜਾਂਦੇ ਨੇ। ਹੁਣ ਤਾਂ ਇੰਝ ਜਾਪਣ ਲੱਗੈ ਜਿਵੇਂ ਹਰ ਗੁਜ਼ਰਦਾ ਦਿਨ ਤੁਹਾਡੀ ਤਾਕਤ ਅਤੇ ਬਰਦਾਸ਼ਤ ਦਾ ਇਮਤਿਹਾਨ ਹੋਵੇ। ਤੁਸੀਂ ਤਾਂ ਬੱਸ ਜੇਕਰ ਨਾਕਾਰਾਤਮਕ ਭਾਵਨਾ ਜਾਂ ਚਿੰਤਾ ਸਨਮੁੱਖ ਹਥਿਆਰ ਸੁੱਟੇ ਬਿਨਾ ਇੱਕ ਵਕਤ ‘ਤੇ ਕੇਵਲ ਇੱਕ ਹੀ ਦਿਨ ਨਾਲ ਨਜਿੱਠ ਸਕੋ ਤਾਂ ਤੁਸੀਂ ਆਪਣੇ-ਆਪ ਨੂੰ ਕੁਝ ਹੱਦ ਤਕ ਜੇਤੂ ਮਨ ਸਕਦੇ ਹੋ। ਤੁਸੀਂ ਸੋਚਦੇ ਹੋ ਕਿ ਕਾਸ਼ ਤੁਸੀਂ ਇਸ ਤੋਂ ਵੱਧ ਸਿਰਜਣਾਤਮਕ, ਤਨਾਅ ਮੁਕਤ ਅਤੇ ਖ਼ੁਸ਼ ਹੋਣ ਦੇ ਕਾਬਿਲ ਹੁੰਦੇ। ਫ਼ਿਰ ਵੀ, ਸਮੇਂ ਨੂੰ ਗੁਜ਼ਰਨ ਦੀ ਇਜਾਜ਼ਤ ਦੇ ਕੇ, ਤੁਸੀਂ ਇੱਕ ਬਹੁਤ ਹੀ ਸਿਹਤਮੰਦ ਪ੍ਰਕਿਰਿਆ ‘ਚ ਸ਼ਾਮਿਲ ਹੋ ਰਹੇ ਹੋ।

ਕਿਸ ਦੀ ਦੀਵਾਰ ‘ਤੇ ਟੰਗੀ ਹੋਈ ਹੈ ਤੁਹਾਡੀ ਤਸਵੀਰ? ਹਰ ਵਾਰ ਤੁਹਾਡਾ ਨਾਮ ਲਏ ਜਾਣ ‘ਤੇ ਉਹ ਕੌਣ ਹੈ ਜਿਸ ਦੀਆਂ ਅੱਖਾਂ ‘ਚ ਚਮਕ ਜਿਹੀ ਆ ਜਾਂਦੀ ਹੈ? ਅਤੇ, ਕਿਰਪਾ ਕਰ ਕੇ, ਇਹ ਨਾ ਕਹਿਓ ਕੋਈ ਵੀ ਨਹੀਂ। ਸ਼ਾਇਦ ਤੁਸੀਂ ਆਪਸੀ ਅਦਾਨ-ਪ੍ਰਦਾਨ ਕਰਨ ਦੇ ਮੂਡ ‘ਚ ਨਹੀਂ। ਸ਼ਾਇਦ ਤੁਸੀਂ ਇਸ ਤੋਂ ਪ੍ਰਭਾਵਿਤ ਨਹੀਂ ਕਿ ਕੌਣ ਤੁਹਾਡੇ ਤੋਂ ਪ੍ਰਭਾਵਿਤ ਹੈ। ਪਰ ਤੁਹਾਡਾ ਇੱਕ ਪ੍ਰਸ਼ੰਸਕ ਮੌਜੂਦ ਹੈ। ਸ਼ਾਇਦ ਇੱਕ ਤੋਂ ਵੀ ਵੱਧ। ਇਸ ਵਿੱਚ ਬੁਰਾਈ ਵਾਲੀ ਕਿਹੜੀ ਗੱਲ ਹੈ? ਜਿਹੜੇ ਲੋਕ ਪੂਰੀ ਤਰ੍ਹਾਂ ਨਾਲ ਇੱਕ-ਦੂਜੇ ਪ੍ਰਤੀ ਵਚਨਬੱਧ ਵੀ ਹੁੰਦੇ ਹਨ, ਇੱਕੋ ਜੀਵਨ ਸਾਥੀ ਰੱਖਣ ਵਾਲੇ ਜੋੜੇ, ਉਨ੍ਹਾਂ ਨੂੰ ਵੀ ਪ੍ਰਸ਼ੰਸਕੀ ਤੱਕਣੀਆਂ ਆਕਰਸ਼ਿਤ ਕਰਨ ਦਾ ਪੂਰਾ ਅਧਿਕਾਰ ਹੈ! ਤੁਸੀਂ ਉਸ ਪ੍ਰਸ਼ੰਸਾ ਦੇ ਹੱਕਦਾਰ ਹੋ ਜਿਹੜੀ ਤੁਸੀਂ ਇਸ ਵਕਤ ਪ੍ਰੇਰਿਤ ਕਰ ਰਹੇ ਹੋ। ਉਸ ਨੂੰ ਆਪਣੇ ਲਈ ਉਹ ਬਣਨ ਦਿਓ ਜੋ ਉਹ ਬਣਨਾ ਲੋਚਦੀ ਹੈ।

ਤੁਹਾਡੇ ਹੱਥਾਂ ‘ਚ ਇੱਕ ਲਾਜਵਾਬ ਤੋਹਫ਼ਾ ਹੈ। ਬਹੁਤ ਹੀ ਮੁਸ਼ਕਿਲ ਨਾਲ ਹਾਸਿਲ ਕੀਤੇ ਲਾਭ ਦਾ ਆਨੰਦ ਮਾਣਨ ਦੇ ਤੁਸੀਂ ਪੂਰੀ ਤਰ੍ਹਾਂ ਹੱਕਦਾਰ ਹੋ। ਤੁਹਾਡੇ ਤੋਂ ਥੋੜ੍ਹਾ ਜਿਹਾ ਅੱਗੇ ਸੜਕ ‘ਤੇ ਇੱਕ ਟੋਆ ਹੈ। ਉਹ ਭਲਾ ਉੱਥੇ ਕੀ ਕਰ ਰਿਹੈ? ਕਿਸ ਨੇ ਖੋਦਿਐ ਉਹ? ਅਣਭੋਲ ਯਾਤਰੀਆਂ ਨੂੰ ਉਸ ‘ਚ ਡਿਗਣੋਂ ਬਚਾਉਣ ਲਈ ਕੋਈ ਬੈਰੀਅਰ ਕਿਓਂ ਨਹੀਂ ਲਗਾਏ ਗਏ? ਤੁਸੀਂ ਇਸ ਸੰਭਾਵੀ ਖ਼ਤਰੇ ਨੂੰ ਲੈ ਕੇ ਇੰਨੇ ਕ੍ਰੋਧਿਤ ਹੋ ਕਿ ਤੁਹਾਡੀ ਸਾਰੀ ਸ਼ਕਤੀ ਆਪਣੇ ਕੁਦਰਤੀ ਘਰ ਤੋਂ ਭਟਕ ਰਹੀ ਹੈ। ਫ਼ਿਰ ਵੀ ਉਹ ਤੁਹਾਡੇ ਲਈ ਕੋਈ ਖ਼ਤਰਾ ਖੜ੍ਹਾ ਨਹੀਂ ਕਰਦੀ, ਅਤੇ ਤੁਸੀਂ ਦੂਸਰਿਆਂ ਨੂੰ ਉਸ ਤੋਂ ਬਚਾਉਣ ‘ਚ ਸਹਾਇਤਾ ਕਰਨ ਲਈ ਬਹੁਤ ਹੀ ਆਸਾਨੀ ਨਾਲ ਕਦਮ ਚੁੱਕ ਸਕਦੇ ਹੋ। ਆਪਣੇ ਜਾਦੂਈ ਪਲਾਂ ਤੋਂ ਕਿਤੇ ਠੱਗੇ ਨਾ ਜਾਇਓ ਤੁਸੀਂ।

ਜੇਕਰ ਜ਼ਿੰਦਗੀ ‘ਚ ਵਧੇਰੇ ਪਿਆਰ ਚਾਹੁੰਦੇ ਹੋ ਤਾਂ ਆਪਣੇ ਮਨ ‘ਚ ਆਲੋਚਨਾ ਨੂੰ ਜਗ੍ਹਾ ਨਾ ਦਿਓ। ਆਪਣੇ ਮਿਆਰਾਂ ਨੂੰ ਹੇਠਾਂ ਨਾ ਗਿਰਾਓ। ਜੋ ਤੁਹਾਨੂੰ ਕਬੂਲ ਨਹੀਂ ਕਰਨਾ ਚਾਹੀਦਾ, ਉਸ ਨੂੰ ਨਜ਼ਰਅੰਦਾਜ਼ ਨਾ ਕਰੋ। ਪਰ ਕਿਸੇ ਹੋਰ ਵਿਅਕਤੀ ਜਾਂ ਚੀਜ਼ ਬਾਰੇ ਸਵਾਲ ਕਰਨ ਦੀ ਆਪਣੀ ਪ੍ਰਵਿਰਤੀ ‘ਤੇ ਸਵਾਲ ਜ਼ਰੂਰ ਕਰੋ। ਤੁਹਾਡੇ ਅੰਦਰ ਕਿਸੇ ਵੀ ਸਥਿਤੀ ਨੂੰ ਮਿੱਠਾ ਜਾਂ ਤਿੱਖਾ ਬਣਾਉਣ ਦੀ ਤਾਕਤ ਹੈ। ਤੁਹਾਡੇ ਅੰਦਰ ਦੂਜਿਆਂ ਦਾ ਮਨ ਜਿੱਤਣ ਜਾਂ ਉਨ੍ਹਾਂ ਨੂੰ ਨਾਰਾਜ਼ ਕਰਨ ਦੀ ਕਾਬਲੀਅਤ ਹੈ। ਉਸ ਵਰਦਾਨ ਨੂੰ ਅਜਾਈਂ ਨਾ ਗੁਆਓ। ਉਹ ਤੁਹਾਡੀ ਮਲਕੀਅਤ ਹੈ। ਉਸ ਨੂੰ ਆਪਣੇ ਲਈ ਕੰਮੇ ਲਾਓ। ਦਿਲਕਸ਼ ਬਣਨ ਦੀ ਆਪਣੀ ਕਾਬਲੀਅਤ ‘ਚ ਵਿਸ਼ਵਾਸ ਰੱਖੋ। ਅਤੇ ਤੁਸੀਂ ਦੇਖੋਗੇ ਕਿ ਤੁਸੀਂ ਅਜਿਹਾ ਜਾਦੂ ਫ਼ੈਲਾ ਰਹੇ ਹੋ ਜਿਹੜਾ ਕੋਈ ਵੱਡਾ ਅੜਿੱਕਾ ਦੂਰ ਕਰੇਗਾ।