ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਂਟਾਰੀਓ ਸੂਬੇ ਵਿਚ ਪਾਕਿਸਤਾਨੀ ਮੂਲ ਦੇ ਮੁਸਲਿਮ ਪਰਿਵਾਰ ਦੇ ਕਤਲ ਨੂੰ ‘ਅੱਤਵਾਦੀ ਹਮਲਾ’ ਕਰਾਰ ਦਿੱਤਾ ਹੈ। ਜਦਕਿ ਇਸ ਕਤਲ ‘ਤੇ ਦੁੱਖ ਜ਼ਾਹਰ ਕਰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਨੂੰ ਇਸਲਾਮੋਫੋਬੀਆ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਦਾ ਮੁਕਾਬਲਾ ਕਰਨ ਲਈ ਦੁਨੀਆ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਮਰਾਨ ਖਾਨ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕਰਦਿਆਂ ਟਵੀਟ ਕੀਤਾ। ਉਹਨਾਂ ਨੇ ਲਿਖਿਆ,”ਲੰਡਨ, ਓਂਟਾਰੀਓ ਵਿਚ ਇਕ ਮੁਸਲਿਮ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਪਰਿਵਾਰ ਦੇ ਕਤਲ ਦੇ ਬਾਰੇ ਵਿਚ ਜਾਣ ਕੇ ਦੁਖ ਹੋਇਆ। ਅੱਤਵਾਦ ਦੇ ਇਸ ਨਿੰਦਾਯੋਗ ਕੰਮ ਨਾਲ ਪੱਛਮੀ ਦੇਸ਼ਾਂ ਵਿਚ ਵੱਧਦੇ ਇਸਲਾਮੋਫੋਬੀਆ ਦਾ ਪਤਾ ਚੱਲਦਾ ਹੈ।”
ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਇਕ ਟਰੱਕ ਡਰਾਈਵਰ ਨੇ ਇਕ ਮੁਸਲਿਮ ਪਰਿਵਾਰ ‘ਤੇ ਟਰੱਕ ਚੜ੍ਹਾ ਦਿੱਤਾ, ਜਿਸ ਵਿਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਟਰੂਡੋ ਨੇ ਹਾਊਸ ਆਫ ਕਾਮਨਜ਼ ਮਤਲਬ ਸੰਸਦ ਵਿਚ ਬਿਆਨ ਦਿੰਦੇ ਹੋਏ ਕਿਹਾ,”ਇਹ ਕੋਈ ਕਤਲ ਨਹੀਂ ਸੀ। ਇਹ ਸਾਡੇ ਭਾਈਚਾਰਿਆਂ ਵਿਚੋਂ ਇਕ ਦੇ ਦਿਲ ਵਿਚ ਨਫਰਤ ਭਰਪੂਰ ਅੱਤਵਾਦੀ ਹਮਲਾ ਸੀ।” ਟਰੂਡੋ ਨੇ ਸੱਜੇ ਪੱਖੀ ਸਮੂਹਾਂ ਨਾਲ ਹੋਰ ਸਖ਼ਤੀ ਨਾਲ ਨਜਿੱਠਣ ਦਾ ਵਾਅਦਾ ਕਰਦਿਆਂ ਕਿਹਾ ਕਿ ਅਸੀਂ ਆਨਲਾਈਨ ਅਤੇ ਆਫਲਾਈਨ ਨਫਰਤ ਨਾਲ ਲੜਨਾ ਜਾਰੀ ਰੱਖਾਂਗੇ। ਉਹਨਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕੈਨੇਡਾ ਦੀ ਅੱਤਵਾਦੀ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ।