ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਸ਼ਤਰੰਜ ਦੀ ‘ਬਿਸਾਤ’ ਵਿਛਾਉਂਦੇ ਹੋਏ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਹੈ। ‘ਆਪ’ ਵਲੋਂ 24 ਵਿਧਾਨ ਸਭਾ ਖੇਤਰਾਂ ਲਈ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ। ਇਨ੍ਹਾਂ 24 ’ਚੋਂ 8 ਅਜਿਹੇ ਹਨ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ’ਤੇ ਹੀ 2017 ਵਿਚ ਚੋਣਾਂ ਲੜੀਆਂ ਸਨ, ਜਦਕਿ ਇਕ ਲੋਕ ਇਨਸਾਫ ਪਾਰਟੀ ਤੋਂ, ਇਕ ਰੇਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਤੋਂ ਅਤੇ ਇਕ ਆਮ ਆਦਮੀ ਪਾਰਟੀ ਵੱਲੋਂ ਹੀ ਟਿਕਟ ਨਾ ਮਿਲਣ ਤੋਂ ਬਾਅਦ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਮੈਦਾਨ ਵਿਚ ਉਤਾਰਿਆ ਸੀ।
ਇਸ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਇਸ ਗੱਲ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਹਲਕਾ ਇੰਚਾਰਜਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਦੇ ਤੌਰ ’ਤੇ ਸਬੰਧਤ ਹਲਕੇ ਤੋਂ ਉਤਾਰ ਦਿੱਤਾ ਜਾਵੇ। ਹਾਲਾਂਕਿ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਕੋਈ ਰਿਸਕ ਨਾ ਲੈਂਦੇ ਹੋਏ ਅਗਲੇ ਮਹੀਨਿਆਂ ’ਚ ਹਲਕਾ ਇੰਚਾਰਜਾਂ ਦਾ ਕੰਮ ਦੇਖੇਗੀ ਅਤੇ ਚੋਣਾਂ ਨੇੜੇ ਜਾ ਕੇ ਹੀ ਉਨ੍ਹਾਂ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਨਾਲ ਕਾਂਗਰਸ ਜੁਆਈਨ ਕਰਨ ਵਾਲੇ ਪਿਰਮਲ ਸਿੰਘ ਖਾਲਸਾ ਅਤੇ ਜਗਦੇਵ ਸਿੰਘ ਕਮਾਲੂ ਦੀਆਂ ਸੀਟਾਂ ’ਤੇ ਵੀ ਹਲਕਾ ਇੰਚਾਰਜ ਐਲਾਨ ਕਰ ਦਿੱਤੇ ਗਏ ਹਨ।
ਆਮ ਆਦਮੀ ਪਾਰਟੀ 2017 ਦੀਆਂ ਚੋਣਾਂ ਦੌਰਾਨ ਇਹ ਐਲਾਨ ਕਰਦੀ ਰਹੀ ਸੀ ਕਿ ਦਲਿਤ ਭਾਈਚਾਰੇ ਤੋਂ ਪ੍ਰਦੇਸ਼ ’ਚ ਉਪ ਮੁੱਖ ਮੰਤਰੀ ਲਾਇਆ ਜਾਵੇਗਾ। ਮੌਜੂਦਾ ਸਮੇਂ ’ਚ ‘ਆਪ’ ਵਿਧਾਇਕ ਦਲ ਦੇ ਨੇਤਾ ਵੀ ਦਲਿਤ ਭਾਈਚਾਰੇ ਨਾਲ ਹੀ ਸਬੰਧਤ ਹਨ ਅਤੇ ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਜਾਰੀ ਕੀਤੀ ਗਈ 24 ਹਲਕਾ ਇੰਚਾਰਜਾਂ ਦੀ ਸੂਚੀ ’ਚ 10 ਹਲਕਾ ਇੰਚਾਰਜ ਅਨੁਸੂਚਿਤ ਜਾਤੀ ਵਰਗ ਲਈ ਰਾਖਵੀਆਂ ਵਿਧਾਨ ਸਭਾ ਸੀਟਾਂ ’ਤੇ ਐਲਾਨ ਕੀਤੇ ਗਏ ਹਨ। ਇਹ ਤਕਰੀਬਨ 45 ਫ਼ੀਸਦੀ ਬਣਦਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਇਸ ਵਾਰ ਦੀਆਂ ਵਿਧਾਨਸਭਾ ਚੋਣਾਂ ਵਿਚ ਵੀ ਦਲਿਤ ਭਾਈਚਾਰੇ ਨੂੰ ਲੁਭਾਉਣ ਲਈ ਆਪਣਾ ਪੂਰਾ ਜ਼ੋਰ ਲਾਵੇਗੀ।