ਵਾਸ਼ਿੰਗਟਨ : ਅਮਰੀਕਾ ਵਿਚ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਦੀ ਖ਼ਾਤਿਰ ਪ੍ਰਭਾਵਸ਼ਾਲੀ ਸਾਂਸਦਾਂ ਦੇ ਦੋ-ਪੱਖੀ ਸਮੂਹ ਨੇ ਉਹ ਬਿੱਲ ਫਿਰ ਤੋਂ ਪੇਸ਼ ਕਰਨ ਦਾ ਐਲਾਨ ਕੀਤਾ ਹੈ ਜੋ ਦੇਸ਼ ਦੇ ਪੇਂਡੂ ਇਲਾਕਿਆਂ ਵਿਚ ਕੰਮ ਕਰਨ ਲਈ ਵਿਦੇਸ਼ੀ ਡਾਕਟਰਾਂ ਨੂੰ ਆਕਰਸ਼ਿਤ ਕਰਨ ਨਾਲ ਸਬੰਧਤ ਹੈ। ਇਸ ਕਦਮ ਨਾਲ ਉਨ੍ਹਾਂ ਹਜ਼ਾਰਾਂ ਭਾਰਤੀ ਡਾਕਟਰਾਂ ਨੂੰ ਲਾਭ ਮਿਲੇਗਾ ਜੋ ਪਹਿਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਡਾਕਟਰਾਂ ਨੂੰ ਵੀ, ਜੋ ਅਮਰੀਕਾ ਆਉਣਾ ਚਾਹੁੰਦੇ ਹਨ। ‘ਕੋਨਰਾਡ ਸਟੇਟ 30 ਐਂਡ ਫਿਜ਼ੀਸ਼ੀਅਨ ਐਕਸਿਸ ਰੀਅਥਰਾਈਜੇਸ਼ਨ ਐਕਟ’ ਨੂੰ ਫਿਰ ਤੋਂ ਪੇਸ਼ ਕਰਨ ਨਾਲ ਅਜਿਹੇ ਵਿਦੇਸ਼ੀ ਡਾਕਟਰ ਜਿਨ੍ਹਾਂ ਦੀ ਰੈਜ਼ੀਡੈਂਸੀ ਸਿਖਲਾਈ ਪ੍ਰੋਗਰਾਮ ਦੀ ਮਿਆਦ ਪੂਰੀ ਹੋ ਚੁੱਕੀ ਹੈ ਉਹ ਇਸ ਦੇ ਬਾਅਦ ਵੀ ਇੱਥੇ ਰਹਿ ਸਕਣਗੇ, ਬਸ਼ਰਤੇ ਉਹ ਉਨ੍ਹਾਂ ਖੇਤਰਾਂ ਵਿਚ ਸੇਵਾਵਾਂ ਦੇਣਗੇ, ਜਿੱਥੇ ਡਾਕਟਰਾਂ ਦੀ ਘਾਟ ਹੈ।
ਇਕ ਮੀਡੀਆ ਬਿਆਨ ਵਿਚ ਸੋਮਵਾਰ ਨੂੰ ਦੱਸਿਆ ਗਿਆ ਕਿ ਸੈਨੇਟ ਦੀ ਸਿਹਤ, ਸਿੱਖਿਆ, ਲੇਬਰ ਅਤੇ ਪੈਨਸ਼ਨ ਕਮੇਟੀ (ਹੈਲਪ) ਦੇ ਮੈਂਬਰ ਸੈਨੇਅਰ ਜੈਕੀ ਰੋਜੇਨ ਸਮੇਤ ਕਈ ਸਾਂਸਦਾਂ ਨੇ ਇਸ ਬਿੱਲ ਨੂੰ ਫਿਰ ਤੋਂ ਪੇਸ਼ ਕੀਤਾ ਹੈ। ਇਸ ਤਰ੍ਹਾਂ ਦਾ ਬਿੱਲ ਸਾਂਸਦ ਬ੍ਰੈਡ ਸਨਾਈਡਰ ਨੇ ਪ੍ਰਤੀਨਿਧੀ ਸਭਾ ਵਿਚ ਪੇਸ਼ ਕੀਤਾ। ਮੌਜੂਦਾ ਸਮੇਂ ਵਿਚ ਹੋਰ ਦੇਸ਼ਾਂ ਦੇ ਜੋ ਡਾਕਟਰ ਅਮਰੀਕਾ ਵਿਚ ‘ਜੇ-1’ ਵੀਜ਼ਾ ਜ਼ਰੀਏ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਰੈਜ਼ੀਡੈਂਸੀ ਸਿਖਲਾਈ ਪ੍ਰੋਗਰਾਮ ਦੀ ਮਿਆਦ ਸਮਾਪਤ ਹੋਣ ਦੇ ਬਾਅਦ 2 ਸਾਲ ਲਈ ਸਵਦੇਸ਼ ਪਰਤਣਾ ਹੁੰਦਾ ਹੈ। ਉਸ ਦੇ ਬਾਅਦ ਉਹ ਵੀਜ਼ਾ ਜਾਂ ਗ੍ਰੀਨ ਕਾਰਡ ਲਈ ਅਪਲਾਈ ਕਰ ਸਕਦੇ ਹਨ। ਹਾਲਾਂਕਿ ‘ਕੋਨਰਾਡ ਸਟੇਟ 30 ਐਂਡ ਫਿਜ਼ੀਸ਼ੀਅਨ ਐਕਸੈਸ ਰੀਅਥਰਾਈਜੇਸ਼ਨ ਐਕਟ’ ਤਹਿਤ ਵਿਦੇਸ਼ੀ ਡਾਕਟਰ ਇਸ ਸ਼ਰਤ ਨਾਲ ਅਮਰੀਕਾ ਵਿਚ ਰਹਿ ਸਕਣਗੇ ਅਤੇ ਉਨ੍ਹਾਂ ਨੂੰ ਸਵਦੇਸ਼ ਨਹੀਂ ਪਤਰਣਾ ਹੋਵੇਗਾ ਜੇ ਉਹ 3 ਸਾਲ ਲਈ ਅਜਿਹੇ ਭਾਈਚਾਰੇ ਵਿਚ ਸੇਵਾ ਦੇਣ ਨੂੰ ਰਾਜ਼ੀ ਹੋਣ ਜਿੱਥੇ ਡਾਕਟਰਾਂ ਦੀ ਘਾਟ ਹੈ।
ਇਸ ਬਿੱਲ ਵਿਚ ‘30’ ਅੰਕ ਦਾ ਮਤਲਬ ਹੈ ਕਿ ਹਰੇਕ ਸੂਬੇ ਤੋਂ ਇੰਨੀ ਸੰਖਿਆ ਵਿਚ ਡਾਕਟਰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋ ਸਕਦੇ ਹਨ। ਇਸ ਵਿਚ ਡਾਕਟਰਾਂ ਦੇ ਜੀਵਨਸਾਥੀ ਨੂੰ ਵੀ ਕੰਮ ਕਰਨ ਦੀ ਇਜਾਜ਼ਤ ਹੋਵੇਗੀ ਅਤੇ ਇਹ ਡਾਕਟਰਾਂ ਨੂੰ ਦੁਰਵਿਵਹਾਰ ਤੋਂ ਬਚਾਉਣ ਲਈ ਉਨ੍ਹਾਂ ਨੂੰ ਸੁਰੱਖਿਆ ਵੀ ਪ੍ਰਦਾਨ ਕਰੇਗਾ। ਇਸ ਬਿੱਲ ਦਾ ਫਾਰਮੈਟ ਪ੍ਰਵਾਸੀ ਬਿੱਲ ਵਿਚ ਸੋਧ ਦੀ ਤਰ੍ਹਾਂ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਸੈਨੇਟ ਨੇ 2013 ਵਿਚ ਪਾਸ ਕੀਤਾ ਸੀ।