ਗਲਾਸਗੋ/ਲੰਡਨ : ਇੰਗਲੈਂਡ ਵਿੱਚ ਕੋਰੋਨਾ ਟੀਕਾਕਰਨ ਦੇ ਚਲਦਿਆਂ 25 ਤੋਂ 29 ਸਾਲ ਦੇ ਸਾਰੇ ਲੋਕ ਜਿਨ੍ਹਾਂ ਨੂੰ ਅਜੇ ਤੱਕ ਕੋਵਿਡ ਟੀਕਾ ਨਹੀਂ ਲਗਾਇਆ ਗਿਆ ਹੈ, ਮੰਗਲਵਾਰ ਤੋਂ ਆਪਣੀ ਪਹਿਲੀ ਕੋਰੋਨਾ ਵੈਕਸੀਨ ਖੁਰਾਕ ਬੁੱਕ ਕਰਵਾ ਸਕਣਗੇ। ਸਰਕਾਰ ਦੁਆਰਾ ਜੁਲਾਈ ਦੇ ਅੰਤ ਤੱਕ ਸਾਰੇ ਬਾਲਗਾਂ ਨੂੰ ਵੈਕਸੀਨ ਲਗਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਇਹ ਪੇਸ਼ਕਸ਼ ਕੀਤੀ ਜਾ ਰਹੀ ਹੈ।
ਸਿਹਤ ਸਕੱਤਰ ਮੈਟ ਹੈਨਕਾਕ ਅਨੁਸਾਰ ਟੀਕੇ ਲਾਗਾਂ, ਹਸਪਤਾਲਾਂ ਵਿੱਚ ਦਾਖਲੇ ਅਤੇ ਮੌਤਾਂ ਨੂੰ ਕਾਬੂ ਕਰਨ ਲਈ ਬਹੁਤ ਜਰੂਰੀ ਹੈ ਅਤੇ ਇਸਦੇ ਨਾਲ ਹੀ ਭਾਰਤੀ ਕੋਰੋਨਾ ਵਾਇਰਸ ਰੂਪ ਦੇ ਵਾਧੇ ਨੂੰ ਰੋਕਣ ਲਈ ਟੀਕਾਕਰਨ ਜ਼ਰੂਰੀ ਹੈ।ਟੀਕਾਕਰਨ ਦੇ ਮੱਦੇਨਜ਼ਰ ਇੰਗਲੈਂਡ ਵਿੱਚ, 25 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਵੈਕਸੀਨ ਬੁੱਕ ਕਰਨ ਲਈ ਆਨਲਾਈਨ ਜਾਂ 119 ‘ਤੇ ਕਾਲ ਕਰ ਸਕਦੇ ਹਨ।
ਸਕਾਟਲੈਂਡ ਵਿੱਚ, 30 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਟੀਕੇ ਦੇ ਯੋਗ ਹਨ ਜਦਕਿ ਵੇਲਜ਼ 18 ਤੋਂ ਵੱਧ ਦੇ ਲੋਕਾਂ ਨੂੰ ਟੀਕੇ ਲਗਾ ਰਿਹਾ ਹੈ। ਇਸਦੇ ਨਾਲ ਹੀ ਉੱਤਰੀ ਆਇਰਲੈਂਡ ਵਿੱਚ, 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੁਕਿੰਗ ਲਈ ਬੁਲਾਇਆ ਜਾ ਰਿਹਾ ਹੈ। ਕੋਰੋਨਾ ਵੈਕਸੀਨ ਅੰਕੜਿਆਂ ਅਨੁਸਾਰ ਯੂਕੇ ਵਿੱਚ ਕੁੱਲ 40,460,576 ਲੋਕਾਂ ਨੂੰ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ, ਜਦੋਂ ਕਿ 27,921,294 ਦੋ ਖੁਰਾਕਾਂ ਮਿਲ ਚੁੱਕੀਆਂ ਹਨ।