ਮੋਹਾਲੀ : ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਜੇਕਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਬਰਖ਼ਾਸਤ ਨਾ ਕੀਤਾ ਤਾਂ ਆਉਣ ਵਾਲੀ 15 ਤਾਰੀਖ਼ ਨੂੰ ਮੁੱਖ ਮੰਤਰੀ ਦਾ ਘਰ ਦਾ ਘਿਰਾਅ ਕਰਾਂਗੇ। ਉਸ ਤੋਂ ਬਾਅਦ ਗਵਰਨਰ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਮਿਲੇਗਾ ਅਤੇ ਜੇਕਰ ਫਿਰ ਵੀ ਇਨਸਾਫ਼ ਨਾ ਹੋਇਆ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਸੁਖਬੀਰ ਸਿੰਘ ਬਾਦਲ ਅੱਜ ਵੈਕਸੀਨ ਘਪਲੇ ਦੇ ਮਾਮਲੇ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕੋਠੀ ਦੇ ਬਾਹਰ 2 ਘੰਟੇ ਦੇ ਸੰਕੇਤਕ ਧਰਨੇ ਵਿੱਚ ਪੁੱਜੇ ਹੋਏ ਸਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬੜੇ ਘਪਲੇ ਦੇਖੇ ਹਨ ਪਰ ਅਜਿਹਾ ਘਪਲਾ ਕਦੇ ਨਹੀਂ ਦੇਖਿਆ ਕਿ ਲੋਕਾਂ ਦੀ ਜ਼ਿੰਦਗੀ ਨਾਲ ਇੰਝ ਖਿਲਵਾੜ ਹੋਇਆ ਹੋਵੇ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਫ਼ੌਜੀ ਕਹਿੰਦੇ ਹਨ ਪਰ ਫ਼ੌਜੀ ਉਹ ਨਹੀਂ ਹੁੰਦਾ, ਜੋ ਘਰ ‘ਚ ਲੁਕ ਕੇ ਬੈਠ ਜਾਵੇ। ਸੁਖਬੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਨਾਮ ਦੇ ਅੱਗੋਂ ਕੈਪਟਨ ਸ਼ਬਦ ਹਟਾ ਦੇਣਾ ਚਾਹੀਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਫ਼ਤ ਵੈਕਸੀਨ ਲਗਾ ਰਹੀ ਹੈ ਪਰ ਪੰਜਾਬ ਸਰਕਾਰ ਪੈਸਾ ਕਮਾ ਰਹੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮੈਡੀਕਲ ਕਾਲਜ ਵਿੱਚ 200 ਡਾਕਟਰ ਅਤੇ 150 ਸਟਾਫ ਨਰਸਿਜ਼ ਰੱਖ ਕੇ ਕੋਵਿਡ ਦੇ ਦੌਰਾਨ ਲੋਕਾਂ ਦੀ ਸੇਵਾ ਕੀਤੀ ਹੈ ਪਰ ਬਲਬੀਰ ਸਿੰਘ ਸਿੱਧੂ ਨੇ ਫਤਿਹ ਕਿੱਟਾ ਦੇ ਵਿੱਚ ਵੱਡਾ ਘਪਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਫਤਿਹ ਕਿੱਟਾਂ ਲਈ ਬਲਬੀਰ ਸਿੰਘ ਸਿੱਧੂ ਨੇ ਉਸ ਕੰਪਨੀ ਨੂੰ ਚੁਣਿਆ ਹੈ, ਜੋ ਕੱਪੜੇ ਵੇਚਦੀ ਹੈ ਅਤੇ ਜਿਸਦੇ ਕੋਲ ਮੈਡੀਕਲ ਲਾਈਸੈਂਸ ਵੀ ਨਹੀਂ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਅੰਕੜੇ ਸਰਕਾਰ ਵੱਲੋਂ ਗਲਤ ਪੇਸ਼ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਵਿਚ ਜਾਨਾਂ ਜਾ ਰਹੀਆਂ ਹਨ ਤਾਂ ਦੂਜੇ ਪਾਸੇ ਇਨ੍ਹਾਂ ਜਾਨਾਂ ਬਚਾਉਣ ਦੇ ਬਦਲੇ ਵਿੱਚ ਪੰਜਾਬ ਸਰਕਾਰ ਦਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪੈਸੇ ਕਮਾ ਰਿਹਾ ਹੈ। ਇਸ ਦੌਰਾਨ ਵੈਕਸੀਨ ਘਪਲੇ ਦੇ ਚੱਲਦਿਆਂ ਬਲਬੀਰ ਸਿੰਘ ਸਿੱਧੂ ਕੋਲੋਂ ਅਸਤੀਫ਼ੇ ਦੀ ਮੰਗ ਕੀਤੀ ਗਈ। ਬੇਸ਼ੱਕ ਅਕਾਲੀ ਦਲ ਵੱਲੋਂ ਲਾਏ ਇਸ ਧਰਨੇ ਦੇ ਚੱਲਦਿਆਂ ਸਿਹਤ ਮੰਤਰੀ ਦੀ ਰਿਹਾਇਸ਼ ਦੇ ਨੇੜੇ ਅਤੇ ਫੇਜ਼-7 ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਕਰ ਦਿੱਤਾ ਗਿਆ ਸੀ ਪਰ ਇਕ-ਇਕ ਕਰਕੇ ਸਵੇਰ ਤੋਂ ਹੀ ਅਕਾਲੀ ਵਰਕਰਾਂ ਅਤੇ ਅਹੁਦੇਦਾਰਾਂ ਦਾ ਕਾਫ਼ਲਾ ਪੰਜਾਬ ਭਰ ਵਿਚੋਂ ਮੋਹਾਲੀ ਪੁੱਜਣਾ ਸ਼ੁਰੂ ਹੋ ਗਿਆ ਸੀ।