ਬੀਜਿੰਗ : ਪੂਰਬੀ ਲੱਦਾਖ ਦੇ ਪੈਂਗੋਂਗ ਝੀਲ ਖੇਤਰ ਵਿਚ ਹੱਡੀਆਂ ਕੰਬਾ ਦੇਣ ਵਾਲੀ ਠੰਡ ਵਿਚ ਭਾਰਤੀ ਫੌਜੀਆਂ ਨਾਲ ਮੁਕਾਬਲਾ ਕਰਨ ਆਉਣ ਵਾਲੇ ਚੀਨੀ ਫੌਜੀਆਂ ਨੂੰ ਉਲਟੇ ਪੈਰ ਵਾਪਸ ਪਰਤਣਾ ਪਿਆ। ਪੂਰਬੀ ਲੱਦਾਖ ਸੈਕਟਰ ਸਥਿਤ ਐੱਲ.ਏ.ਸੀ. ਦੇ ਨੇੜੇ-ਤੇੜੇ ਵੱਡੀ ਗਿਣਤੀ ਵਿਚ ਚੀਨ ਨੇ ਆਪਣੇ ਫੌਜੀਆਂ ਦੀ ਤਾਇਨਾਤੀ ਕੀਤੀ ਸੀ ਪਰ ਇਲਾਕੇ ਵਿਚ ਪੈ ਰਹੀ ਵਧੇਰੇ ਠੰਡ ਦੀ ਸਥਿਤੀ ਦਾ ਸਾਹਮਣੇ ਕਰਨ ਵਿਚ ਫੌਜੀ ਸਮਰੱਥ ਨਹੀਂ ਹਨ। ਮੀਡੀਆ ਰਿਪੋਰਟ ਮੁਤਾਬਕ ਇਸ ਕਾਰਨ ਚੀਨ ਨੇ ਪਿਛਲੇ ਇਕ ਸਾਲ ਤੋਂ ਉਥੇ ਤਾਇਨਾਤ ਫੌਜੀਆਂ ਨੂੰ ਬਦਲਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਨਵੇਂ ਫੌਜੀਆਂ ਨੂੰ ਤਾਇਨਾਤ ਕੀਤਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਦੇ 90 ਫੀਸਦੀ ਜਵਾਨ ਵਾਪਸ ਪਰਤ ਗਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਫੌਜੀਆਂ ਦੀ ਰੋਟੇਸ਼ਨ ਜ਼ਿਆਦਾ ਠੰਡ ਅਤੇ ਹੋਰ ਸੰਬੰਧਤ ਪ੍ਰੇਸ਼ਾਨੀਆਂ ਕਾਰਨ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਡ੍ਰੈਗਨ ਦੇ ਫੌਜੀ ਇੰਨੀ ਠੰਡ ਝੱਲ ਸਕਣ ਦੀ ਸਥਿਤੀ ਵਿਚ ਨਹੀਂ ਹਨ, ਭਿਆਨਕ ਠੰਡ ਕਾਰਨ ਚੀਨੀ ਫੌਜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਪੈਂਗੋਂਗ ਝੀਲ ਖੇਤਰ ਵਿਚ ਫ੍ਰਿਕਸ਼ਨ ਪੁਆਇੰਟ ’ਤੇ ਤਾਇਨਾਤੀ ਦੌਰਾਨ ਵੀ ਚੀਨੀ ਫੌਜੀਆਂ ਦੀ ਉਚਾਈ ਵਾਲੀਆਂ ਚੌਕੀਆਂ ਤੋਂ ਰੋਜ਼ਾਨਾ ਬਦਲਿਆ ਜਾ ਰਿਹਾ ਸੀ। ਇਸ ਨਾਲ ਵੀ ਉਨ੍ਹਾਂ ਦੀ ਆਵਾਜਾਈ ਬਹੁਤ ਪ੍ਰਭਾਵਿਤ ਹੋਈ ਸੀ।
ਭਾਰਤੀ ਫੌਜ ਵੀ ਉੱਚਾਈ ਵਾਲੇ ਖੇਤਰਾਂ ’ਚ 2 ਸਾਲਾਂ ਲਈ ਫੌਜੀਆਂ ਦੀ ਕਰਦੀ ਹੈ ਤਾਇਨਾਤੀ
ਦਰਅਸਲ ਭਾਰਤੀ ਫੌਜ ਉਚਾਈ ਵਾਲੇ ਖੇਤਰਾਂ ਵਿਚ 2 ਸਾਲ ਦੇ ਕਾਰਜਕਾਲ ਲਈ ਆਪਣੇ ਫੌਜੀਆਂ ਨੂੰ ਤਾਇਨਾਤ ਕਰਦੀ ਹੈ। ਹਰ ਸਾਲ ਭਾਰਤੀ ਫੌਜ ਲਗਭਗ 40-50 ਫੀਸਦੀ ਫੌਜੀਆਂ ਨੂੰ ਅੰਦਰੂਨੀ ਇਲਾਕਿਆਂ ਤੋਂ ਉਪਰੀ ਇਲਾਕਿਆਂ ਵਿਚ ਭੇਜਦੀ ਹੈ। ਇਨ੍ਹਾਂ ਹਾਲਾਤ ਵਿਚ ਆਈ.ਟੀ.ਬੀ.ਪੀ. ਦੇ ਜਵਾਨਾਂ ਦਾ ਕਾਰਜਕਾਲ ਕਦੇ-ਕਦੇ 2 ਸਾਲਾਂ ਤੋਂ ਵੀ ਜ਼ਿਆਦਾ ਲੰਬਾ ਹੋ ਜਾਂਦਾ ਹੈ।