ਜਿਹੜੇ ਲੋਕ ਖ਼ਤਰਾ ਉਠਾਉਣ ਲਈ ਤਿਆਰ ਨਾ ਹੋਣ ਅਤੇ ਹਾਰ ਜਾਣ ਉਹ ਸੱਚਮੁੱਚ ਕਦੇ ਵੀ ਖ਼ੁਦ ਨੂੰ ਜੇਤੂ ਨਹੀਂ ਕਹਿ ਸਕਦੇ! ਸਫ਼ਲਤਾ ਅਤੇ ਅਸਫ਼ਲਤਾ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ। ਅਕਸਰ, ਅਸੀਂ ਇਨ੍ਹਾਂ ਲਫ਼ਜ਼ਾਂ ਦੇ ਅਸਲੀ ਮਤਲਬ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਅਸੀਂ ਸਾਰੇ ਹੀ ਗ਼ਲਤੀਆਂ ਕਰਦੇ ਹਾਂ, ਪਰ ਸਾਡੇ ‘ਚੋਂ ਜਿਹੜੇ ਉਨ੍ਹਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਜਾਰੀ ਰੱਖਦੇ ਹਨ ਦੇਰ-ਸਵੇਰ ਰਾਹ ਲੱਭ ਹੀ ਲੈਂਦੇ ਹਨ। ਇਹ ਤਾਂ ਜਦੋਂ ਤੁਸੀਂ ਕਿਸੇ ਵਿਅਕਤੀ ਜਾਂ ਸ਼ੈਅ ਨੂੰ ਲੈ ਕੇ ਬਿਲਕੁਲ ਹੀ ਹਥਿਆਰ ਸੁੱਟ ਦਿੰਦੇ ਹੋ, ਹਾਰ ਵਰਗੇ ਸ਼ਬਦ ਲਾਗੂ ਹੋਣੇ ਸ਼ੁਰੂ ਹੋ ਜਾਂਦੇ ਹਨ। ਅੱਗੇ ਤੁਹਾਡੇ ਲਈ ਆਉਣ ਵਾਲੈ ਇਹ ਅਹਿਸਾਸ ਕਿ ਜੋ ਤੁਹਾਨੂੰ ਲੱਭਣ ਵਾਲੈ ਉਸ ਦਾ ਮਹੱਤਵ ਉਸ ਤੋਂ ਕਿਤੇ ਵੱਧ ਹੈ ਜੋ ਤੁਸੀਂ ਕਦੇ ਗੁਆਇਆ ਸੀ।

ਅਗਲੀ ਵਾਰ ਜਦੋਂ ਤੁਸੀਂ ਕਿਸੇ ਸ਼ੌਪਿੰਗ ਮਾਲ ‘ਚ ਖ਼ਰੀਦਦਾਰੀ ਕਰਨ ਜਾਓ ਤਾਂ ਹੇਠਾਂ ਆਉਂਦੇ ਐਸਕੇਲੇਟਰ ‘ਤੇ ਉੱਪਰ ਜਾਣ ਦੀ ਕੋਸ਼ਿਸ਼ ਕਰਿਓ। ਹਾਂ, ਪਰ, ਉਸ ਵਕਤ ਦਾ ਇੰਤਜ਼ਾਰ ਕਰਿਓ ਜਦੋਂ ਉਹ ਬਿਲਕੁਲ ਖ਼ਾਲੀ ਹੋਵੇ, ਅਤੇ ਆਲੇ-ਦੁਆਲੇ ਕੋਈ ਸੈਕਿਓਰਿਟੀ ਗਾਰਡ ਮੌਜੂਦ ਨਾ ਹੋਵੇ। ਫ਼ਿਰ ਆਪਣੀ ਪੂਰੀ ਵਾਹ ਲਗਾ ਦੇਈਓ। ਕੀ ਅਜਿਹਾ ਕਰ ਕੇ ਤੁਹਾਨੂੰ ਮਜ਼ਾ ਆਵੇਗਾ? ਕੀ ਤੁਸੀਂ ਸਫ਼ਲ ਹੋ ਜਾਵੇਗੇ? ਸ਼ਾਇਦ, ਸ਼ਾਇਦ ਨਹੀਂ। ਪਰ ਘੱਟ ਤੋਂ ਘੱਟ ਤੁਸੀਂ ਉਸ ਚੁਣੌਤੀ ਦੀ ਇੱਕ ਸਪੱਸ਼ਟ ਤਸਵੀਰ ਤਾਂ ਬਣਾ ਸਕੋਗੇ ਜਿਸ ਨੂੰ ਜ਼ਿੰਦਗੀ ਤੁਹਾਡੇ ਸਾਹਮਣੇ ਸੁੱਟ ਰਹੀ ਹੈ। ਬਹੁਤ ਹੀ ਘੱਟ ਕੋਈ ਟੀਚਾ ਇੰਨਾ ਮੁਸ਼ਕਿਲ ਹੁੰਦੈ। ਕੀ ਪ੍ਰਗਤੀ ਹਾਸਿਲ ਕਰਨ ਲਈ ਤੁਹਾਨੂੰ ਸੱਚਮੁੱਚ ਇੰਨੀ ਸ਼ਕਤੀ ਲਗਾਉਣ ਦੀ ਲੋੜ ਹੈ? ਹਰਗਿਜ਼ ਨਹੀਂ। ਆਪਣੇ ਜੀਵਨ ‘ਚ ਪੌੜੀਆਂ ਦੇ ਰਸਤੇ ਉੱਪਰ ਜਾਣ ਦੀ ਕੋਸ਼ਿਸ਼ ਕਰੋ।

ਕਈ ਵਾਰ ਸੰਸਾਰ ਅਜਿਹੇ ਵਿਅਕਤੀਆਂ ਨਾਲ ਭਰਿਆ ਜਾਪਦੈ ਜਿਹੜੇ ਸਾਡੀ ਮਦਦ ਕਰਨ ਲਈ ਹਮੇਸ਼ਾ ਤਤਪਰ ਹਨ। ਅਸੀਂ ਫ਼ੋਨ ਕਾਲਾਂ ਕਰਦੇ ਹਾਂ। ਅਸੀਂ ਸਟੋਰਾਂ ‘ਚ ਜਾਂਦੇ ਹਾਂ। ਉਹ ਫ਼ੋਨ ਔਪ੍ਰੇਟਰ ਅਤੇ ਦੁਕਾਨਾਂ ਦੇ ਸਹਾਇਕ ਸਾਨੂੰ ਕੀ ਪੁੱਛਦੇ ਹਨ? ‘ਕੀ ਅਸੀਂ ਤੁਹਾਡੀ ਕੋਈ ਮਦਦ ਕਰ ਸਕਦੇ ਹਾਂ?’ ਕੀ ਉਹ ਸੱਚਮੁੱਚ ਅਜਿਹਾ ਕਰਨ ਦਾ ਇਰਾਦਾ ਰੱਖਦੇ ਹਨ? ਕੁਝ ਹੱਦ ਤਕ, ਉਹ ਰੱਖਦੇ ਹਨ! ਪਰ ਉਹ ਕੇਵਲ ਇੱਕ ਸੀਮਿਤ ਕਿਸਮ ਦੀ ਮਦਦ ਹੀ ਪੇਸ਼ ਕਰਦੇ ਹਨ। ਤੁਸੀਂ ਇਸ ਵਕਤ ਇਹ ਤਵੱਕੋ ਕਰ ਰਹੇ ਹੋ ਕਿ ਉਹ ਸਰਬਉੱਤਮ ਸ਼ਕਤੀ ਕੋਈ ਉਮਦਾ ਕਿਸਮ ਦੀ ਸਹਾਇਤਾ ਲੈ ਕੇ ਤੁਹਾਡੇ ਕੋਲ ਆਵੇ … ਅਤੇ ਤੁਹਾਨੂੰ ਇਹ ਵੀ ਪੱਕਾ ਨਹੀਂ ਪਤਾ ਕਿ ਇਹ ਇੱਕ ਵਿਹਾਰਕ ਇੱਛਾ ਹੈ। ਪਰ ਕੁਝ ਜਾਂ ਕੋਈ ਤੁਹਾਡੀ ਮਦਦ ਕਰਨਾ ਵਾਲੈ। ਅਤੇ ਖ਼ਾਸ ਤੌਰ ‘ਤੇ, ਤੁਹਾਡੇ ਦਿਲ ਨੂੰ ਵਧੇਰੇ ਪਿਆਰ ਅਤੇ ਘੱਟ ਡਰ ਮਹਿਸੂਸ ਕਰਨ ‘ਚ ਸਹਾਇਤਾ ਮਿਲਣ ਵਾਲੀ ਹੈ।

ਤੁਹਾਨੂੰ ਖ਼ਦਸ਼ਾ ਹੋਣਾ ਸ਼ੁਰੂ ਹੋ ਗਿਐ ਕਿ ਕੁਝ ਲੋਕਾਂ ਲਈ ਤੁਹਾਡੀ ਕੋਈ ਅਹਿਮੀਅਤ ਨਹੀਂ, ਕਿ ਕਿਸੇ ਫ਼ੈਸਲਾਕੁਨ ਸਥਿਤੀ ‘ਚ ਤੁਹਾਡੀ ਕੋਈ ਲੋੜ ਨਹੀਂ, ਕਿ ਤੁਹਾਡੀ ਜ਼ਿੰਦਗੀ ‘ਚ ਉਸ ਉਤਸਾਹ, ਪ੍ਰੇਮ ਅਤੇ ਚੈਨ ਦੀ ਕਮੀ ਹੈ ਜਿਹੜਾ ਤੁਸੀਂ ਦਿਲੋਂ ਹਾਸਿਲ ਕਰਨਾ ਚਾਹੁੰਦੇ ਹੋ। ਬਹੁਤ ਕੁਝ ਚੰਗਾ ਵੀ ਹੈ, ਨਿਰਸੰਦੇਹ, ਪਰ ਜੋ ਭੈੜਾ ਹੈ ਉਸ ‘ਤੇ ਧਿਆਨ ਕੇਂਦ੍ਰਿਤ ਕਰ ਕੇ ਜਦੋਂ ਅਸੀਂ ਖ਼ੁਦ ‘ਤੇ ਤਸ਼ੱਦਦ ਕਰਨ ਲੱਗਦੇ ਹਾਂ ਤਾਂ ਭੈੜਾ ਹੋਰ ਵੀ ਭੈੜਾ ਪ੍ਰਤੀਤ ਹੋਣ ਲੱਗ ਪੈਂਦੈ! ਜਿਵੇਂ ਕਿਵੇਂ, ਉਸ ਬਾਰੇ ਘੱਟ ਸੋਚੋ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਆ ਜਾਵੇ ਅਤੇ ਇਸ ਬਾਰੇ ਵਧੇਰੇ ਕਿ ਤੁਸੀਂ ਦੂਸਰਿਆਂ ਤਕ ਪਹੁੰਚ ਕਿਵੇਂ ਕਰਨੀ ਹੈ ਅਤੇ ਉਨ੍ਹਾਂ ਨੂੰ ਹੋਰ ਕਿਵੇਂ ਦੇਣੈ। ਜਿਓਂ ਹੀ ਤੁਸੀਂ ਅਜਿਹਾ ਕਰੋਗੇ, ਤੁਹਾਡੇ ਦਿਲ ਨੂੰ ਪਰ ਲੱਗ ਜਾਣਗੇ, ਅਤੇ ਉਹ ਉੱਡਣ ਲੱਗੇਗਾ!

ਸਾਰੇ ਸਿਆਸਤਦਾਨ ਇੰਨੇ ਬੇਵਕੂਫ਼ ਕਿਉਂ ਹਨ, ਅਤੇ ਸਰਕਾਰਾਂ ‘ਚ ਦੂਰਅੰਦੇਸ਼ੀ ਦੀ ਕਮੀ ਕਿਉਂ ਹੈ? ਉਨ੍ਹਾਂ ਸਾਰੇ ਲੋਕਾਂ ਨੂੰ ਕੀ ਹੋ ਗਿਐ ਜਿਨ੍ਹਾਂ ਨੇ ਸਾਡੀ ਅਗਵਾਈ ਕਰਨੀ ਅਤੇ ਸਾਨੂੰ ਪ੍ਰੇਰਿਤ ਕਰਨਾ ਸੀ? ਉਨ੍ਹਾਂ ਦੇ ਖ਼ਿਆਲਾਂ ਦੀ ਵਿਅਕਪਕਤਾ ਅਤੇ ਸਮਝ ਦੀ ਡੂੰਘਈ ਨੂੰ ਕਿਹੜਾ ਸੱਪ ਸੁੰਘ ਗਿਐ? ਕੀ ਇਹ ਵੀ ਹੋ ਸਕਦੈ ਕਿ, ਸ਼ਾਇਦ, ਉਹ ਤੁਹਾਡੇ ਵਲੋਂ ਮਾਰਗਦਰਸ਼ਨ ਕੀਤੇ ਜਾਣ ਦਾ ਇੰਤਜ਼ਾਰ ਕਰ ਰਹੇ ਹੋਣ? ਤੁਹਾਡੀ ਪਹੁੰਚ ਕਿਸੇ ਰਾਜੇ ਜਾਂ ਰਾਸ਼ਟਰਪਤੀ ਤਕ ਬੇਸ਼ੱਕ ਨਾ ਹੋਵੇ, ਪਰ ਤੁਸੀਂ ਨਿਸ਼ਚਿਤ ਰੂਪ ‘ਚ ਕਿਸੇ ਅਹਿਮ ਵਿਅਕਤੀ ‘ਤੇ ਪ੍ਰਭਾਵ ਪਾ ਸਕਣ ਦੀ ਚੰਗੀ ਸਥਿਤੀ ‘ਚ ਹੋ। ਸਹੀ ਗੱਲਾਂ ਕੇਵਲ ਕਹੋ ਨਾ, ਸਹੀ ਉਦਾਹਰਣਾਂ ਸਥਾਪਿਤ ਵੀ ਕਰੋ।