ਸਮਰਾਲਾ : ਅਕਾਲੀ ਦਲ ਤੋਂ ਅਸਤੀਫ਼ਾ ਦੇ ਚੁੱਕੇ ਇਥੋਂ ਦੇ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਥੋੜ੍ਹੀ ਦੇਰ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ। ਉਨ੍ਹਾਂ ਨੇ ਸਮਰਾਲਾ ਹਲਕੇ ਵਿੱਚ ਅਕਾਲੀ ਦਲ ਵੱਲੋਂ ਪਰਮਜੀਤ ਸਿੰਘ ਢਿੱਲੋਂ ਨੂੰ ਨਵਾਂ ਹਲਕਾ ਇੰਚਾਰਜ ਬਣਾਏ ਜਾਣ ਦੇ ਪਾਰਟੀ ਫ਼ੈਸਲੇ ਦੇ ਖ਼ਿਲਾਫ਼ ਹਾਲ ਵਿੱਚ ਹੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਅੱਜ ਠੀਕ 3 ਵਜੇ ਚੰਡੀਗੜ੍ਹ ਵਿਖੇ ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦੀ ਹਾਜ਼ਰੀ ਵਿੱਚ ਖੀਰਨੀਆਂ ਪਰਿਵਾਰ ਅਤੇ ਉਨ੍ਹਾਂ ਦੇ ਕਈ ਸਮਰਥਕਾਂ ਵੱਲੋਂ ਝਾੜੂ ਫੜ੍ਹ ਲਿਆ ਜਾਵੇਗਾ। ਅਕਾਲੀ ਦਲ ਦੇ ਸੱਭ ਤੋਂ ਪੁਰਾਣੇ ਅਤੇ ਵਫ਼ਦਾਰਾਂ ਵਿੱਚੋਂ ਇਕ ਗਿਣੇ ਜਾਂਦੇ ਖੀਰਨੀਆਂ ਪਰਿਵਾਰ ਵੱਲੋਂ ਅਕਾਲੀ ਦਾ ਸਾਥ ਛੱਡ ਦਿੱਤੇ ਜਾਣ ਨਾਲ ਜਿੱਥੇ ਅਕਾਲੀ ਦਲ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ, ਉਥੇ ਹੁਣ ਖੀਰਨੀਆਂ ਦੇ ਆਪ ਵਿੱਚ ਸ਼ਾਮ ਹੋ ਜਾਣ ਦੇ ਫ਼ੈਸਲੇ ਨਾਲ ਸਮਰਾਲਾ ਹਲਕੇ ਦੇ ਸਾਰੇ ਸਿਆਸੀ ਸਮੀਕਰਨਾਂ ਬਦਲ ਚੁੱਕੇ ਹਨ। ਸਮਝਿਆਂ ਜਾਂਦਾ ਹੈ, ਕਿ ਖੀਰਨੀਆਂ ਇਥੋਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ।