ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਕਿਹਾ ਕਿ ਸੂਬੇ ‘ਚ ਬਲੈਕ ਫੰਗਸ ਕਾਰਨ ਹੁਣ ਤੱਕ 50 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ 650 ਮਰੀਜ਼ਾਂ ਦਾ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ। ਖੱਟੜ ਨੇ ਇਕ ਪੱਤਰਕਾਰ ਸੰਮੇਲਨ ‘ਚ ਕਿਹਾ,”ਹਰਿਆਣਾ ‘ਚ ਹੁਣ ਤੱਕ ਬਲੈਕ ਫੰਗਸ ਦੇ 750 ਤੋਂ ਵੱਧ ਮਾਮਲੇ ਆਏ ਹਨ। 58 ਸਿਹਤਯਾਬ ਹੋ ਗਏ, ਜਦੋਂ ਕਿ 50 ਲੋਕਾਂ ਨੇ ਜਾਨ ਗੁਆ ਦਿੱਤੀ ਅਤੇ 650 ਮਰੀਜ਼ ਇਲਾਜ ਕਰਵਾ ਰਹੇ ਹਨ।” ਵਰਚੁਅਲ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਬਲੈਕ ਫੰਗਸ ਦੇ ਇਲਾਜ ‘ਚ ਇਸਤੇਮਾਲ ਹੋਣ ਵਾਲੇ ਟੀਕੇ ਖਰੀਦ ਰਹੀ ਹੈ, ਜਦੋਂ ਕਿ ਥੋੜ੍ਹਾ ਭੰਡਾਰ ਹਾਲੇ ਹੈ ਅਤੇ ਸਰਕਾਰੀ ਹਸਪਤਾਲਾਂ ‘ਚ ਇਨ੍ਹਾਂ ਦਾ ਇਸਤੇਮਾਲ ਹੋ ਰਿਹਾ ਹੈ।
ਉਨ੍ਹਾਂ ਕਿਹਾ,”ਸਾਨੂੰ ਟੀਕਿਆਂ ਦੀਆਂ 6000 ਸ਼ੀਸ਼ੀਆਂ ਮਿਲੀਆਂ। ਅਗਲੇ 2 ਦਿਨਾਂ ‘ਚ ਸਾਨੂੰ 2 ਹਜ਼ਾਰ ਸ਼ੀਸ਼ੀਆਂ ਹੋਰ ਮਿਲਣਗੀਆਂ, ਜਦੋਂ ਕਿ ਅਸੀਂ 5000 ਹੋਰ ਸ਼ੀਸ਼ੀਆਂ ਦਾ ਆਰਡਰ ਦਿੱਤਾ ਹੈ।” ਇਸ ਤੋਂ ਪਹਿਲਾਂ ਵਰੀਵਾਰ ਨੂੰ ਸਿਹਤ ਮੰਤਰੀ ਅਨਿਲ ਵਿਜ ਨੇ ਅਧਿਕਾਰੀਆਂ ਨੂੰ ਬਲੈਕ ਫੰਗਸ ਨਾਲ ਪੀੜਤ 20 ਤੋਂ 75 ਫੀਸਦੀ ਮਰੀਜ਼ਾਂ ਦੇ ਇਲਾਜ ਲਈ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ‘ਚ ਬਿਸਤਰਿਆਂ ਦੀ ਗਿਣਤੀ ਵਧਾਉਣ ਦਾ ਨਿਰਦੇਸ਼ ਦਿੱਤਾ ਸੀ। ਸੂਬੇ ‘ਚ ਪਿਛਲੇ 2 ਹਫ਼ਤਿਆਂ ‘ਚ ਬਲੈਕ ਫੰਗਸ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਇਸ ਤੋਂ ਪਹਿਲਾਂ ਵਿਜ ਨੇ ਕਿਹਾ ਸੀ ਕਿ ਸੂਬੇ ਨੇ ਬਲੈਕ ਫੰਗਸ ਦੇ ਇਲਾਜ ‘ਚ ਇਸਤੇਮਾਲ ਹੋਣ ਵਾਲੀ ਦਵਾਈ ਐਮਫੋਟੇਰਿਸਿਨ-ਬੀ ਦੇ 12 ਹਜ਼ਾਰ ਟੀਕੇ ਦੇਣ ਦਾ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ। ਹਰਿਆਣਾ ਸਰਕਾਰ ਨੇ ਹਾਲ ਹੀ ‘ਚ ਬਲੈਕ ਫੰਗਸ ਨੂੰ ਇਕ ਨੋਟੀਫਾਈਡ ਰੋਗ ਐਲਾਨ ਕਰ ਦਿੱਤਾ, ਜਿਸ ਨਾਲ ਡਾਕਟਰਾਂ ਲਈ ਇਸ ਬੀਮਾਰੀ ਦੇ ਕਿਸੇ ਵੀ ਮਾਮਲੇ ਦੀ ਜਾਣਕਾਰੀ ਸੰਬੰਧਤ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਧਿਕਾਰੀ ਨੂੰ ਦੇਣੀ ਜ਼ਰੂਰੀ ਹੈ।