ਤਿੰਨ ਮੈਂਬਰੀ ਕਮੇਟੀ ਦੇ ਬੁਲਾਵੇ ਤੋਂ ਪਹਿਲਾਂ ਬੋਲੇ ਬਾਜਵਾ, ਦਲੇਰ ਬਣੋ ਤੇ ਆਪਣੇ ਜਜ਼ਬਾਤਾਂ ਦੀ ਆਵਾਜ਼ ਸੁਣੋ

ਜਲੰਧਰ : ਪੰਜਾਬ ਕਾਂਗਰਸ ਵਿਚ ਮਚੇ ਘਮਸਾਨ ਨੂੰ ਠੱਲ੍ਹਣ ਲਈ ਹਾਈਕਮਾਨ ਵਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਅਤੇ ਇਸ ਕਮੇਟੀ ਵਲੋਂ ਸੂਬੇ ਕਾਂਗਰਸੀ ਮੰਤਰੀ ਅਤੇ ਵਿਧਾਇਕਾਂ ਨਾਲ ਮੁਲਾਕਾਤ ਦੀਆਂ ਖ਼ਬਰਾਂ ਆ ਰਹੀਆਂ ਹਨ, ਇਸ ਦਰਮਿਆਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਹੈ ਕਿ ਦਲੇਰ ਬਣੋ ਅਤੇ ਆਪਣੇ ਜਜ਼ਬਾਤਾਂ ਦੀ ਆਵਾਜ਼ ਸੁਣੋ। ਸੋਸ਼ਲ ਮੀਡੀਆ ’ਤੇ ਬਾਜਵਾ ਨੇ ਕਿਹਾ ਹੈ ਕਿ ਸਰਵ ਸ਼ਕਤੀਮਾਨ ਅਤੇ ਪੰਜਾਬ ਦੇ ਲੋਕਾਂ ਦੀ ਨਜ਼ਰਾਂ ਤੁਹਾਡੇ ’ਤੇ ਟਿਕੀਆਂ ਹੋਈਆਂ ਹਨ। ਬਾਜਵਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਹਾਈਕਮਾਨ ਦੀ ਗਠਿਤ ਤਿੰਨ ਮੈਂਬਰ ਕਮੇਟੀ ਵਲੋਂ ਭਲਕੇ ਤੋਂ ਪੰਜਾਬ ਦੇ ਆਗੂਆਂ ਨਾਲ ਮੁਲਾਕਾਤ ਕਰਨ ਦੀ ਤਿਆਰੀਆਂ ਚੱਲ ਰਹੀਆਂ ਹਨ। ਚਰਚਾ ਹੈ ਕਿ ਜੂਨ ਦੇ ਪਹਿਲੇ ਹਫ਼ਤੇ ਤੋਂ ਹੀ ਇਹ ਤਿੰਨ ਮੈਂਬਰੀ ਕਮੇਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਵਿਰੋਧ ’ਚ ਖੜ੍ਹੇ ਆਗੂਆਂ ਨਾਲ ਮੁਲਾਕਾਤ ਕਰ ਸਕਦੀ ਹੈ। ਕਮੇਟੀ ਸਾਰੇ ਮਸਲੇ ’ਤੇ ਘੋਖ ਕਰਨ ਤੋਂ ਬਾਅਦ 10 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸੋਨੀਆ ਗਾਂਧੀ ਨੂੰ ਪੇਸ਼ ਕਰੇਗੀ।
ਤਿੰਨ ਮੈਂਬਰ ਕਮੇਟੀ ਨੇ ਦੋ ਟੁੱਕ ਸ਼ਬਦਾਂ ’ਚ ਦਿੱਤਾ ਜਵਾਬ
ਪੰਜਾਬ ਕਾਂਗਰਸ ਵਿਚ ਮਚੇ ਘਮਸਾਨ ਦੇ ਵਿਚਾਲੇ ਹਾਈਕਮਾਨ ਵਲੋਂ ਗਠਿਤ ਕਮੇਟੀ ਨੇ ਦੋ ਟੁੱਕ ਸ਼ਬਦਾਂ ਵਿਚ ਸਪੱਸ਼ਟ ਕਰ ਦਿੱਤਾ ਹੈ ਕਿ 2022 ਦੀ ਚੋਣ ਵਿਚ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਦਾ ਚਿਹਰਾ ਰਹਿਣਗੇ। ਇਨ੍ਹਾਂ ਚੋਣਾਂ ਵਿਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਵੀ ਅਹਿਮ ਰਹੇਗੀ। ਪੰਜਾਬ ਕਾਂਗਰਸ ਵਿਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੀ ਗੱਲ ਵੀ ਬੇਮਾਨੀ ਹੈ। ਸ਼ਨੀਵਾਰ ਨੂੰ ਦਿੱਲੀ ਵਿਚ ਤਿੰਨ ਮੈਂਬਰੀ ਕਮੇਟੀ ਦੀ ਪਹਿਲੀ ਬੈਠਕ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਕਾਂਗਰਸ ਵਿਚ ਮੁੱਖ ਮੰਤਰੀ ਨੂੰ ਚਿਹਰੇ ਨੂੰ ਲੈ ਕੇ ਪ੍ਰੰਪਰਾ ਰਹੀ ਹੈ ਅਤੇ ਉਸੇ ਪ੍ਰੰਪਰਾ ਦੀ ਪਾਲਣਾ ਕੀਤੀ ਜਾਵੇਗੀ। ਜਿੱਥੋਂ ਤੱਕ ਗੱਲ ਨਵਜੋਤ ਸਿੰਘ ਸਿੱਧੂ ਦੀ ਹੈ ਤਾਂ ਉਹ ਪਾਰਟੀ ਦੇ ਮਜ਼ਬੂਤ ਥੰਮ ਹਨ ਅਤੇ ਪਾਰਟੀ ਦਾ ਭਵਿੱਖ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਭੂਮਿਕਾ ਫਾਦਰ ਫਿਗਰ ਦੀ ਹੈ। ਇਸ ਲਈ ਕਮੇਟੀ ਸਾਰੇ ਮਤਭੇਦਾਂ ਨੂੰ ਛੇਤੀ ਤੋਂ ਛੇਤੀ ਸੁਲਝਾਉਣ ਦੀ ਕੋਸ਼ਿਸ਼ ਕਰੇਗੀ ਤਾਂ ਕਿ 2022 ਦਾ ਟੀਚਾ ਹਾਸਲ ਕੀਤਾ ਜਾ ਸਕੇ। ਰਾਵਤ ਨੇ ਇਹ ਵੀ ਕਿਹਾ ਕਿ ਕਮੇਟੀ ਦੀ ਕੋਸ਼ਿਸ਼ ਸਾਰੇ ਨੇਤਾਵਾਂ ਨੂੰ ਐਕਸ਼ਨ ਦੀ ਮੁਦਰਾ ਵਿਚ ਲਿਆਉਣ ਦੀ ਹੈ, ਉਨ੍ਹਾਂ ’ਤੇ ਕੋਈ ਐਕਸ਼ਨ ਲੈਣ ਦੀ ਨਹੀਂ ਹੈ।