ਜਲੰਧਰ : ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਖ਼ਤਮ ਕਰਨ ਲਈ ਹਾਈਕਮਾਨ ਵਲੋਂ ਬਣਾਈ ਗਈ ਤਿੰਨ ਮੈਂਬਰ ਕਮੇਟੀ ’ਤੇ ਕਾਂਗਰਸੀ ਵਿਧਾਇਕ ਪਰਗਟੀ ਸਿੰਘ ਨੇ ਆਖਿਆ ਹੈ ਕਿ ਜੇਕਰ ਇਹ ਕਮੇਟੀ ਉਨ੍ਹਾਂ ਨੂੰ ਬੁਲਾਉਂਦੀ ਹੈ ਤਾਂ ਉਹ ਜ਼ਰੂਰ ਜਾਣਗੇ। ਪਰਗਟ ਨੇ ਆਖਿਆ ਹੈ ਕਿ ਹਾਈਕਮਾਨ ਨੇ ਸਾਰਾ ਮਸਲਾ ਦੇਖਣ ਤੋਂ ਬਾਅਦ ਇਹ ਇਸ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਕਮੇਟੀ ਸਾਰਿਆਂ ਦਾ ਪੱਖ ਸੁਨਣ ਤੋਂ ਬਾਅਦ ਸਹੀ ਰਿਪੋਰਟ ਹਾਈਕਮਾਨ ਸਾਹਮਣੇ ਪੇਸ਼ ਕਰੇਗੀ। ਇਕ ਵਾਰ ਫਿਰ ਪਰਗਟ ਨੇ ਸਾਫ਼ ਕੀਤਾ ਹੈ ਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਪਹਿਲਾਂ ਕੀਤੀ ਪ੍ਰੈੱਸ ਕਾਨਫਰੰਸ ਅਤੇ ਮੁੱਖ ਮੰਤਰੀ ਨੂੰ ਲਿੱਖੀ ਚਿੱਠੀ ਕਹੀਆਂ ਸਨ, ਉਹੀ ਗੱਲਾਂ ਉਹ ਕਮੇਟੀ ਸਾਹਮਣੇ ਰੱਖਣਗੇ। ਪਰਗਟ ਨੇ ਕਿਹਾ ਕਿ ਉਹ ਕਿਸੇ ਦੇ ਮੋਢੇ ’ਤੇ ਬੰਦੂਕ ਰੱਖ ਨਹੀਂ ਚਲਾਉਂਦੇ ਸਗੋਂ ਜਿਹੜੀ ਗੱਲ ਕਰਨਗੇ ਉਹ ਸਿੱਧੀ ਅਤੇ ਸਪੱਸ਼ਟ ਹੋਵੇਗੀ।
ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਵਿਚ ਛਿੜੇ ਘਰੇਲੂ ਯੁੱਧ ਨੂੰ ਠੱਲ੍ਹਣ ਲਈ ਕਾਂਗਰਸ ਹਾਈਕਮਾਨ ਨੇ ਸਾਰੀਆਂ ਧਿਰਾਂ ਨਾਲ ਗੱਲਬਾਤ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਹਰੀਸ਼ ਰਾਵਤ, ਮਲਿਕਾ ਅਰਜੁਨਖੜਗੇ ਅਤੇ ਜੇ.ਪੀ. ਅਗਰਵਾਲ ਵਰਗੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਇਸ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਇਹ ਕਮੇਟੀ ਅੱਜ ਆਪਣੀ ਪਹਿਲੀ ਮੀਟਿੰਗ ਕਰਨ ਜਾ ਰਹੀ ਹੈ। ਇਸ ਮੀਟਿੰਗ ਤੋਂ ਬਾਅਦ ਹੀ ਇਹ ਤੈਅ ਕੀਤਾ ਜਾਵੇਗਾ ਕਿ ਪਹਿਲਾਂ ਕਿਸ ਆਗੂ ਨੂੰ ਗੱਲਬਾਤ ਲਈ ਬੁਲਾਇਆ ਜਾਵੇ।