ਪ੍ਰਧਾਨ ਮੰਤਰੀ ਪਹੁੰਚੇ ਭੁਵਨੇਸ਼ਵਰ, ਚੱਕਰਵਾਤ ‘ਯਾਸ’ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ

ਭੁਵਨੇਸ਼ਵਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਭੁਵਨੇਸ਼ਵਰ ਪਹੁੰਚੇ ਅਤੇ ਇੱਥੇ ਇਕ ਬੈਠਕ ‘ਚ ਚੱਕਰਵਾਤ ‘ਯਾਸ’ ਨਾਲ ਸੂਬੇ ਦੇ ਵੱਖ-ਵੱਖ ਇਲਾਕਿਆਂ ‘ਚ ਹੋਏ ਨੁਕਸਾਨ ਦੀ ਸਮੀਖਿਆ ਕੀਤੀ। ਰਾਜਪਾਲ ਗਣੇਸ਼ੀ ਲਾਲ, ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਕੇਂਦਰੀ ਮੰਤਰੀਆਂ ਧਰਮੇਂਦਰ ਪ੍ਰਧਾਨ ਅਤੇ ਪ੍ਰਤਾਪ ਸਾਰੰਗੀ ਨੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਚੱਕਰਵਾਤ ਯਾਸ ਨਾਲ ਜੁੜੀਆਂ ਘਟਨਾਵਾਂ ‘ਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਸ ਕਾਰਨ ਓਡੀਸ਼ਾ, ਪੱਛਮੀ ਬੰਗਾਲ ਅਤੇ ਝਾਰਖੰਡ ‘ਚ 21 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਗਿਆ।
ਚੱਕਰਵਾਤ ਕਾਰਨ ਓਡੀਸ਼ਾ ‘ਚ ਤਿੰਨ ਲੋਕਾਂ ਅਤੇ ਪੱਛਮੀ ਬੰਗਾਲ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਪੱਛਮੀ ਬੰਗਾਲ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਕੁਦਰਤੀ ਆਫ਼ਤ ਕਾਰਨ ਘੱਟੋ-ਘੱਟ ਇਕ ਕਰੋੜ ਲੋਕ ਪ੍ਰਭਾਵਿਤ ਹੋਏ ਹਨ। ‘ਤਾਊਤੇ’ ਤੋਂ ਬਾਅਦ ਇਕ ਹਫ਼ਤੇ ਅੰਦਰ ਦੇਸ਼ ਦੇ ਤੱਟਾਂ ਨਾਲ ਟਕਰਾਉਣ ਵਾਲਾ ‘ਯਾਸ’ ਦੂਜਾ ਚੱਕਰਵਾਤੀ ਤੂਫਾਨ ਹੈ। ਪ੍ਰਧਾਨ ਮੰਤਰੀ ਓਡੀਸ਼ਾ ਦੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਕਰਨਗੇ। ਇਸ ਤੋਂ ਬਾਅਦ ਉਹ ਪੱਛਮੀ ਬੰਗਾਲ ਦੇ ਚੱਕਰਵਾਤ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ ਅਤੇ ਉੱਥੇ ਵੀ ਇਕ ਸਮੀਖਿਆ ਬੈਠਕ ਕਰਨਗੇ।