ਘਰੇਲੂ ਖਪਤਕਾਰਾਂ ਨੂੰ ਮਿਲੇਗੀ ਵੱਡੀ ਰਾਹਤ : ਪੰਜਾਬ ਰੈਗੂਲੇਟਰੀ ਕਮਿਸ਼ਨ ਅੱਜ ਕਰ ਸਕਦੈ ਨਵੀਆਂ ਬਿਜਲੀ ਦਰਾਂ ਦਾ ਐਲਾਨ

ਪਟਿਆਲਾ : ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਪੰਜਾਬ ਲਈ ਨਵੇਂ ਵਿੱਤੀ ਵਰ੍ਹੇ ਯਾਨੀ 2021-22 ਲਈ ਬਿਜਲੀ ਦਰਾਂ ਦਾ ਐਲਾਨ ਅੱਜ ਕੀਤਾ ਜਾਵੇਗਾ। ਇਸ ਗੱਲ ਦੀ ਪੁਸ਼ਟੀ ਕਮਿਸ਼ਨ ਦੇ ਚੇਅਰਮੈਨ ਵਿਸ਼ਵਜੀਤ ਖੰਨਾ ਨੇ ਜਗਬਾਣੀ ਨੂੰ ਕੀਤੀ ਹੈ।
ਚੋਣ ਵਰ੍ਹੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ ਹੈ। ਸਰਕਾਰ ਦੇ ਫ਼ੈਸਲੇ ਵਿਚ ਦੇਰੀ ਕਾਰਨ ਹੀ ਬਿਜਲੀ ਦਰਾਂ ਦਾ ਐਲਾਨ ਹੁਣ ਤੱਕ ਨਹੀਂ ਹੋ ਸਕਿਆ ਜੋ ਕਿ ਆਮ ਤੌਰ ’ਤੇ ਪਿਛਲਾ ਵਿੱਤੀ ਵਰ੍ਹਾ ਖ਼ਤਮ ਹੋਣ ਤੋਂ ਪਹਿਲਾਂ ਕੀਤਾ ਜਾਂਦਾ ਹੈ।
ਖ਼ਬਰ ਮਿਲੀ ਹੈ ਕਿ ਸਾਧਾਰਨ ਬਿਜਲੀ ਉਪਭੋਗਤਾ ਨੂੰ ਬਿੱਲ ’ਚ 25 ਫ਼ੀਸਦੀ ਤੱਕ ਦੀ ਕਟੌਤੀ ਮਿਲ ਸਕਦੀ ਹੈ। ਜੇਕਰ ਅਜਿਹਾ ਕੋਈ ਫ਼ੈਸਲਾ ਆਉਂਦਾ ਹੈ ਤਾਂ ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਹੋਵੇਗੀ। ਪੰਜਾਬ ’ਚ ਬਿਜਲੀ ਦੀਆਂ ਦਰਾਂ ਗੁਆਂਢੀ ਸੂਬਿਆਂ ਤੋਂ ਵੱਧ ਹਨ ਪਰ ਇਸ ਕਟੌਤੀ ਦੇ ਬਾਅਦ ਉਪਭੋਗਤਾਵਾਂ ਨੂੰ ਕਾਫ਼ੀ ਲਾਭ ਹੋਵੇਗਾ। ਆਉਣ ਵਾਲੇ ਸਮੇਂ ’ਚ ਹੋਣ ਵਾਲੀਆਂ ਚੋਣਾਂ ਨੂੰ ਦੇਖ਼ਦੇ ਹੋਏ ਸਰਕਾਰ ਇਹ ਫ਼ੈਸਲਾ ਲੈ ਰਹੀ ਹੈ। ਇਹ ਬਦਲਾਅ 1 ਅਪ੍ਰੈਲ 2021 ਤੋਂ ਲਾਗੂ ਕੀਤੇ ਜਾਣ ਦੀ ਯੋਜਨਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਆਉਣ ਵਾਲੇ ਬਿੱਲ ਵੀ ਕਟੌਤੀ ਦੇ ਨਾਲ ਹੀ ਆਉਣਗੇ।