ਗੁਜਰਾਤ ‘ਚ ਭਾਜਪਾ ਨੂੰ ਹਰਾਉਣ ਲਈ ਮਮਤਾ ਬੈਨਰਜੀ ਦਾ ਸਹਾਰਾ ਲਵੇਗੀ ਕਾਂਗਰਸ!

ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਪੱਛਮੀ ਬੰਗਾਲ ’ਚ ਹਮਲਾਵਰ ਚੋਣ ਪ੍ਰਚਾਰ ਦਾ ਹਿਸਾਬ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬਨਰਜੀ ਅਗਲੇ ਸਾਲ ਗੁਜਰਾਤ ਵਿਧਾਨ ਸਭਾ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ’ਚ ਬਰਾਬਰ ਕਰ ਸਕਦੀ ਹੈ। ਪ੍ਰਚਾਰ ਨੂੰ ਧਾਰ ਦੇਣ ਲਈ ਪ੍ਰਦੇਸ਼ ਕਾਂਗਰਸ ਦੇ ਕੁਝ ਨੇਤਾਵਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨਾਲ ਸੰਪਰਕ ਕਰ ਕੇ ਗੁਜਰਾਤ ਚੋਣਾਂ ’ਚ ਮੋਹਰੀ ਭੂਮਿਕਾ ਨਿਭਾਉਣ ਲਈ ਕਿਹਾ ਹੈ। ਨਹਿਰੂ-ਗਾਂਧੀ ਪਰਿਵਾਰ ਦੇ ਵਫ਼ਾਦਾਰ ਇਕ ਨੇਤਾ ਨੇ ਕਿਹਾ ਕਿ ਅਸੀਂ ਮਮਤਾ ਬਨਰਜੀ ਨੂੰ ਕਾਂਗਰਸ ਪਰਿਵਾਰ ਵੱਲੋਂ ਵੱਖ ਨਹੀਂ ਮੰਨਦੇ। ਇਨ੍ਹਾਂ ਨੇਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਮਮਤਾ ਦੇ ਗੁਜਰਾਤ ਆਉਣ ਨਾਲ ਕਾਂਗਰਸ ਪਾਰਟੀ ਦਾ ਸਥਾਨ ਲੈਣ ਦੀ ਆਮ ਆਦਮੀ ਪਾਰਟੀ ਦੀ ਲਾਲਸਾ ਮੱਧਮ ਹੋ ਜਾਵੇਗੀ। ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਅਸੀਂ ਪਾਰਟੀ ਹਾਈਕਮਾਨ ਦੇ ਖ਼ਿਲਾਫ਼ ਨਹੀਂ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਉਹ ਪਹਿਲਾਂ ਤੋਂ ਹੀ ਸਰਗਰਮ ਤਿਆਰੀ ਸ਼ੁਰੂ ਕਰ ਦੇਣ। ਆਫ਼ ਦੀ ਰਿਕਾਰਡ ਇਹ ਜਾਣਕਾਰੀ ਜੇਕਰ ਸੱਚ ਹੁੰਦੀ ਹੈ ਤਾਂ ਭਾਜਪਾ ਲਈ ਗੁਜਰਾਤ ਕਿਲ੍ਹਾ ਫਤਿਹ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਪੱਛਮੀ ਬੰਗਾਲ ਵਿੱਚ ਮਿਲੀ ਹਾਰ ਅਤੇ ਕੋਰੋਨਾ ਕਾਲ ‘ਚ ਕੇਂਦਰ ਸਰਕਾਰ ‘ਤੇ ਉੱਠ ਰਹੇ ਸਵਾਲਾਂ ਕਾਰਨ ਭਾਜਪਾ ਦਾ ਗ੍ਰਾਫ਼ ਹੇਠਾਂ ਗਿਆ ਹੈ।
ਲੋਕ ਸਭਾ ਦੇ ਇਕ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਅਹਿਮਦ ਪਟੇਲ ਦੇ ਦੇਹਾਂਤ ਤੋਂ ਬਾਅਦ ਕਾਂਗਰਸ ਇਕ ਚਿਹਰੇ ਅਤੇ ਕੁਝ ਕਰ ਸਕਣ ਦੇ ਉਤਸ਼ਾਹ ਤੋਂ ਵਾਂਝੀ ਹੋ ਗਈ ਹੈ। ਅਸੀਂ ਨਹੀਂ ਚਾਹੁੰਦੇ ਕਿ ਬਿਹਾਰ, ਮਹਾਰਾਸ਼ਟਰ ਅਤੇ ਹੋਰ ਸੂਬਿਆਂ ਵਾਂਗ ਕਾਂਗਰਸ ਗੁਜਰਾਤ ’ਚ ਵੀ ਤੀਸਰੇ ਸਥਾਨ ’ਤੇ ਧੱਕ ਦਿੱਤੀ ਜਾਵੇ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਆਪਣਾ ਗਿਣਤੀ ਬਲ ਵਧਾ ਕੇ ਭਾਜਪਾ ਨੂੰ 2 ਅੰਕਾਂ ਤੱਕ ਸੀਮਿਤ ਕਰ ਦਿੱਤਾ ਸੀ। ਓਧਰ, ਅਧੀਰ ਰੰਜਨ ਚੌਧਰੀ ਵੀ ਆਪਣੀ ਹਾਰ ਦਾ ਸੱਚ ਸਵੀਕਾਰ ਚੁੱਕੇ ਹਨ ਅਤੇ ਹੁਣ ਉਹ ਵੀ ਭਾਜਪਾ ਨੂੰ ਹਰਾਉਣ ਲਈ ਮਮਤਾ ਬਨਰਜੀ ਦੇ ਨਾਲ ਕੰਮ ਕਰਨ ਲਈ ਤਿਆਰ ਦਿਸ ਰਹੇ ਹਨ। ਮਮਤਾ ਦੇ ਕੱਟੜ ਆਲੋਚਕ ਅਧੀਰ ਰੰਜਨ ਨੇ ਕਿਹਾ ਕਿ ਵੈਸੇ ਮੈਨੂੰ ਜਾਣਕਾਰੀ ਨਹੀਂ ਹੈ ਕਿ ਗੁਜਰਾਤ ਕਾਂਗਰਸ ’ਚ ਕੀ ਚੱਲ ਰਿਹਾ ਹੈ ਪਰ ਜੇਕਰ ਭਾਜਪਾ ਨੂੰ ਹਰਾਉਣ ਲਈ ਤ੍ਰਿਣਮੂਲ ਅਤੇ ਕਾਂਗਰਸ ਨਾਲ ਆਉਂਦੀ ਹੈ ਤਾਂ ਮੈਨੂੰ ਉਸ ’ਚ ਕੋਈ ਇਤਰਾਜ਼ ਨਹੀਂ ਹੈ। ਇਸ ਮਾਮਲੇ ’ਚ ਪਾਰਟੀ ਹਾਈਕਮਾਨ ਨੂੰ ਫੈਸਲਾ ਲੈਣਾ ਹੈ।