ਕੀ 31 ਮਈ ਤੋਂ ਅਨਲੌਕ ਹੋਵੇਗੀ ਦਿੱਲੀ? DDMA ਦੀ ਅਹਿਮ ਬੈਠਕ ਅੱਜ

ਨਵੀਂ ਦਿੱਲੀ : ਕੋਵਿਡ-19 ਦੇ ਘੱਟ ਹੁੰਦੇ ਮਾਮਲਿਆਂ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਵਿੱਚ ‘ਅਨਲੌਕ’ ਦੀ ਪ੍ਰਕਿਰਿਆ ‘ਤੇ ਚਰਚਾ ਕਰਣ ਲਈ ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਦੀ ਬੈਠਕ ਸ਼ੁੱਕਰਵਾਰ ਨੂੰ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੀ.ਡੀ.ਐੱਮ.ਏ. ਦੇ ਪ੍ਰਧਾਨ ਉਪ ਰਾਜਪਾਲ ਅਨਿਲ ਬੈਜਲ, ਉਪ-ਪ੍ਰਧਾਨ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੈਠਕ ਵਿੱਚ ਸ਼ਾਮਲ ਹੋਣਗੇ।
ਅਰਵਿੰਦ ਕੇਜਰੀਵਾਲ ਨੇ ਦਿੱਤਾ ਸੀ ਸੰਕੇਤ
ਜ਼ਿਕਰਯੋਗ ਹੈ ਕਿ ਪਿਛਲੇ ਸ਼ਨੀਵਾਰ ਨੂੰ ਦਿੱਲੀ ਵਿੱਚ ਲਾਕਡਾਊਨ ਦੀ ਮਿਆਦ ਵਧਾਉਣ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਸੀ ਕਿ ਜੇਕਰ ਕੋਵਿਡ-19 ਦੇ ਮਾਮਲਿਆਂ ਅਤੇ ਇਨਫੈਕਸ਼ਨ ਦਰ ਵਿੱਚ ਕਮੀ ਦਾ ਸਿਲਸਿਲਾ ਜਾਰੀ ਰਿਹਾ ਤਾਂ 31 ਮਈ ਤੋਂ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਦਿੱਲੀ ਵਿੱਚ ਘੱਟ ਹੋ ਰਹੇ ਹਨ ਮਾਮਲੇ
ਸਿਹਤ ਬੁਲੇਟਿਨ ਮੁਤਾਬਕ ਪਿਛਲੇ ਸ਼ਨੀਵਾਰ ਨੂੰ ਦਿੱਲੀ ਵਿੱਚ ਕੋਵਿਡ-19 ਦੇ 2260 ਮਾਮਲੇ ਆਏ ਸਨ ਜਦੋਂ ਕਿ ਇਨਫੈਕਸ਼ਨ ਦੀ ਦਰ 3.58 ਫ਼ੀਸਦੀ ਸੀ। ਉਥੇ ਹੀ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਇਨਫੈਕਸ਼ਨ ਦੇ 1,072 ਨਵੇਂ ਮਾਮਲੇ ਆਏ ਅਤੇ ਇਨਫੈਕਸ਼ਨ ਦੀ ਦਰ ਘੱਟ ਕੇ 1.53 ਫ਼ੀਸਦੀ ਰਹਿ ਗਈ ਹੈ। ਕੇਜਰੀਵਾਲ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਸੀ ਕਿ ਲਾਕਡਾਊਨ ਅਣਮਿੱਥੇ ਸਮੇਂ ਤੱਕ ਲਾਗੂ ਨਹੀਂ ਰੱਖਿਆ ਜਾ ਸਕਦਾ।