ਕਿਸਾਨ ਅੰਦੋਲਨ: 10 ਸੂਬਿਆਂ ਦੇ 38 ਸੰਗਠਨਾਂ ਨੇ ਬਣਾਇਆ ਵੱਖਰਾ ਕਿਸਾਨ ਮਜ਼ਦੂਰ ਫੈੱਡਰੇਸ਼ਨ

ਸੋਨੀਪਤ, – ਦਿੱਲੀ ਦੀਆਂ ਹੱਦਾਂ ’ਤੇ 6 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਰਮਿਆਨ ਅਚਾਨਕ ਇਕ ਨਵਾਂ ਸੰਗਠਨ ਬਣ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਲ ਕਈ ਕਿਸਾਨ ਸੰਗਠਨਾਂ ਨੇ ਵੱਖਰਾ ਭਾਰਤੀ ਕਿਸਾਨ ਮਜ਼ਦੂਰ ਫੈੱਡਰੇਸ਼ਨ ਬਣਾਇਆ ਹੈ, ਜਿਸ ਵਿਚ 10 ਸੂਬਿਆਂ ਦੇ 38 ਸੰਗਠਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਭਾਕਿਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਹੋਰ ਕਈ ਸੰਗਠਨਾਂ ਦੇ ਅਹੁਦੇਦਾਰਾਂ ਨਾਲ ਬੈਠਕ ਕਰ ਕੇ ਫੈੱਡਰੇਸ਼ਨ ਬਣਾਏ ਜਾਣ ਦਾ ਐਲਾਨ ਕੀਤਾ। ਹਾਲਾਂਕਿ ਫੈੱਡਰੇਸ਼ਨ ਵਿਚ ਸ਼ਾਮਲ ਕੀਤੇ ਗਏ ਸੰਗਠਨਾਂ ਦੇ ਅਹੁਦੇਦਾਰਾਂ ਦਾ ਦਾਅਵਾ ਹੈ ਕਿ ਇਹ ਫੈੱਡਰੇਸ਼ਨ ਵੀ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਅੰਦੋਲਨ ਵਿਚ ਸ਼ਾਮਲ ਰਹੇਗਾ ਤਾਂ ਦੂਜੇ ਸੂਬਿਆਂ ਵਿਚ ਹੋਰ ਮੁੱਦਿਆਂ ’ਤੇ ਵੀ ਲੋੜ ਪੈਣ ’ਤੇ ਅੰਦੋਲਨ ਕੀਤੇ ਜਾਣਗੇ।
ਭਾਕਿਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਚਡੂਨੀ ਨੇ ਕਿਹਾ ਕਿ ਇਸ ਸੰਗਠਨ ਵਿਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ, ਉੱਤਰਾਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ ਤੇ ਛੱਤੀਸਗੜ੍ਹ ਦੇ 38 ਸੰਗਠਨ ਹੁਣ ਤਕ ਜੁੜ ਚੁੱਕੇ ਹਨ। ਇਨ੍ਹਾਂ ਵਿਚ ਕਈ ਉਹ ਸੰਗਠਨ ਵੀ ਸ਼ਾਮਲ ਹਨ, ਜੋ ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਹਨ। ਚਡੂਨੀ ਨੇ ਕਿਹਾ ਕਿ ਇਹ ਫੈੱਡਰੇਸ਼ਨ ਕਿਸਾਨ ਅੰਦੋਲਨ ਵਿਚ ਸੰਯੁਕਤ ਮੋਰਚਾ ਦੇ ਸਹਿਯੋਗੀ ਵਾਂਗ ਕੰਮ ਕਰੇਗਾ। ਇਸ ਦੀ ਸੰਚਾਲਨ ਕਮੇਟੀ ਦੇ 5 ਮੈਂਬਰ ਬਣਾਏ ਜਾਣਗੇ, ਜੋ ਕਿਸੇ ਵੀ ਫੈਸਲੇ ਲਈ ਬੈਠਕ ਕਰਨਗੇ ਅਤੇ ਉਸ ਤੋਂ ਬਾਅਦ ਉਸ ਬਾਰੇ ਫੈੱਡਰੇਸ਼ਨ ਨਾਲ ਜੁੜੇ ਸਾਰੇ ਸੰਗਠਨਾਂ ਨੂੰ ਦੱਸਿਆ ਜਾਵੇਗਾ। ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਵੀ ਇਸ ਬੈਠਕ ਵਿਚ ਮੌਜੂਦ ਰਹੇ ਅਤੇ ਉਨ੍ਹਾਂ ਕਿਹਾ ਕਿ ਇਹ ਫੈੱਡਰੇਸ਼ਨ ਸਿਰਫ ਹਰਿਆਣਾ ਤੇ ਪੰਜਾਬ ਤਕ ਨਹੀਂ ਹੈ, ਸਗੋਂ ਕਿਸਾਨ ਅੰਦੋਲਨ ਦੇ ਨਾਲ ਹੀ ਦੇਸ਼ ਦੇ ਹੋਰ ਮੁੱਦਿਆਂ ਸਬੰਧੀ ਵੀ ਅੰਦੋਲਨ ਕਰਦਾ ਰਹੇਗਾ। ਹਾਲਾਂਕਿ ਕਿਸਾਨ ਅੰਦੋਲਨ ਵਿਚ ਹੋਰ ਨੇਤਾਵਾਂ ਦੇ ਹਾਵੀ ਹੋਣ ਨੂੰ ਵੀ ਇਸ ਸੰਗਠਨ ਦੇ ਗਠਨ ਦਾ ਕਾਰਨ ਦੱਸਿਆ ਜਾ ਰਿਹਾ ਹੈ।
ਚਡੂਨੀ-ਟਿਕੈਤ ’ਚ ਖਿੱਚੋਤਾਣ
ਕਿਸਾਨ ਅੰਦੋਲਨ ਵਿਚ ਚਡੂਨੀ-ਟਿਕੈਤ ’ਚ ਖਿੱਚੋਤਾਣ ਦੀ ਗੱਲ ਵੀ ਸਾਹਮਣੇ ਆਈ ਹੈ। ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਚਡੂਨੀ ਨੇ ਵੀਡੀਓ ਜਾਰੀ ਕਰ ਕੇ ਅੰਦੋਲਨ ਵਿਚ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਘੱਟ ਹਿੱਸੇਦਾਰੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਸਪਸ਼ਟ ਕਿਹਾ ਕਿ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਨਾ ਆਉਣ ਕਾਰਨ ਉਨ੍ਹਾਂ ਨੂੰ ਉਲ੍ਹਾਮੇ ਵੀ ਮਿਲ ਰਹੇ ਹਨ।
ਹਿਸਾਰ ਵਿਚ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਇਕ ਅਧਿਕਾਰੀ ਨੇ ਕਿਹਾ ਸੀ ਕਿ ਸਿਰਫ ਹਰਿਆਣਾ ਦੇ ਕਿਸਾਨ ਹੀ ਕਿਉਂ ਵਿਰੋਧ ਕਰ ਰਹੇ ਹਨ, ਜਦੋਂਕਿ ਉੱਤਰ ਪ੍ਰਦੇਸ਼ ਵਿਚ ਵੀ ਭਾਜਪਾ ਦੀ ਸਰਕਾਰ ਹੈ, ਉੱਥੇ ਕੋਈ ਵਿਰੋਧ ਕਿਉਂ ਨਹੀਂ ਕਰ ਰਿਹਾ? ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਕਿਸਾਨ ਖੁੱਲ੍ਹ ਕੇ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ ਹਨ। ਉੱਥੋਂ ਦੇ ਪਿੰਡਾਂ ਵਿਚ ਭਾਜਪਾ ਦੇ ਲੋਕ ਦਾਖਲ ਵੀ ਨਹੀਂ ਹੋ ਸਕਦੇ।