ਅਮਰੀਕਾ : ਧੋਖਾਧੜੀ ਮਾਮਲੇ ‘ਚ ਭਾਰਤੀ ਸ਼ਖਸ ਨੂੰ ਤਿੰਨ ਸਾਲ ਦੀ ਸਜ਼ਾ

ਵਾਸ਼ਿੰਗਟਨ : ਅਮਰੀਕਾ ਦੀ ਇਕ ਅਦਾਲਤ ਨੇ ਟੇਲੀਮਾਰਕੀਟਿੰਗ ਫਰਜ਼ੀ ਯੋਜਨਾ ਦੇ ਮਾਮਲੇ ਵਿਚ ਵੀਰਵਾਰ ਨੂੰ ਇਕ ਭਾਰਤੀ ਨਾਗਰਿਕ ਨੂੰ 3 ਸਾਲ ਦੀ ਸਜ਼ਾ ਸੁਣਾਈ। ਨਿਆਂ ਮੰਤਰਾਲੇ ਨੇ ਕਿਹਾ ਕਿ ਦਿੱਲੀ ਦੇ ਰਹਿਣ ਵਾਲੇ ਹਿਮਾਸ਼ੁ ਅਸਰੀ (34) ਨੇ ਵਿਆਪਕ ਟੇਲੀਮਾਰਕੀਟਿੰਗ ਫਰਜ਼ੀ ਯੋਜਨਾ ਵਿਚ ਮੁੱਖ ਭਾਗੀਦਾਰ ਹੋਣਾ ਸਵੀਕਾਰ ਕੀਤਾ ਸੀ ਜਿਸ ਨੇ ਅਮਰੀਕੀ ਵਸਨੀਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਹਨਾਂ ਨਾਲ ਠੱਗੀ ਕੀਤੀ ਖਾਸਤੌਰ ‘ਤੇ ਸੀਨੀਅਰ ਨਾਗਰਿਕਾਂ ਨਾਲ।
ਅਮਰੀਕਾ ਦੇ ਕਾਰਜਕਾਰੀ ਐਟਰਨੀ ਰਿਚਰਡ ਬੀ ਮਾਇਰਸ ਨੇ ਘੋਸ਼ਣਾ ਕੀਤੀ ਕਿ ਸੰਘੀ ਜੇਲ੍ਹ ਵਿਚ 36 ਮਹੀਨਿਆਂ ਦੀ ਸਜ਼ਾ ਦੇ ਬਾਅਦ ਰਿਹਾਈ 3 ਸਾਲ ਦੀ ਸੰਘੀ ਨਿਗਰਾਨੀ ਵਿਚ ਹੋਵੇਗੀ।ਅਸਰੀ ਦੀ ਸਜ਼ਾ ਪੂਰੀ ਹੋਣ ਦੇ ਬਾਅਦ ਉਸ ਨੂੰ ਭਾਰਤ ਵਾਪਸ ਭੇਜਣ ਦੀ ਕਾਰਵਾਈ ਕੀਤੀ ਜਾਵੇਗੀ। ਪਿਛਲੇ ਦਸੰਬਰ ਵਿਚ ਆਪਣੀ ਦੋਸ਼ ਮਨਜ਼ੂਰੀ ਪਟੀਸ਼ਨ ਵਿਚ ਅਸਰੀ ਨੇ ਸਵੀਕਾਰ ਕੀਤਾ ਸੀ ਕਿ 2020 ਦੀ ਸ਼ੁਰੂਆਤ ਵਿਚ ਗ੍ਰਿਫ਼ਤਾਰ ਕੀਤੇ ਜਾਣ ਤੋਂ 5 ਸਾਲ ਪਹਿਲਾਂ ਤੱਕ ਉਹ ਭਾਰਤ ਵਿਚ ਇਕ ਕਾਲ ਸੈਂਟਰ ਚਲਾਉਂਦਾ ਸੀ ਜੋ ਤਕਨੀਕੀ ਧੋਖਾਧੜੀ ਵਿਚ ਸ਼ਾਮਲ ਸੀ। ਇਸ ਯੋਜਨਾ ਜ਼ਰੀਏ ਕੰਪਿਊਟਰ ਉਪਭੋਗਤਾਵਾਂ ਤੋਂ ਪੈਸਾ ਠੱਗਿਆ ਜਾਂਦਾ ਸੀ, ਇਹ ਦੱਸ ਕੇ ਕਿ ਉਹਨਾਂ ਦੇ ਕੰਪਿਊਟਰ ‘ਤੇ ਵਾਇਰਸ ਦਾ ਹਮਲਾ ਹੋ ਸਕਦਾ ਹੈ।
ਸੰਘੀ ਵਕੀਲਾਂ ਨੇ ਦੋਸ ਲਗਾਇਆ ਕਿ ਯੋਜਨਾ ਦੇ ਤਹਿਤ ਅਸਰੀ ਕੰਪਿਊਟਰ ਉਪਯੋਗਕਰਤਾ ਦੇ ਸਕ੍ਰੀਨ ‘ਤੇ ਇਸ਼ਤਿਹਾਰਾਂ ਦਾ ਪੌਪ ਅੱਪ ਦਿਖਾਉਂਦਾ ਸੀ। ਇਸ਼ਤਿਹਾਰਾਂ ਵਿਚ ਝੂਠੇ ਢੰਗ ਨਾਲ ਕਿਹਾ ਜਾਂਦਾ ਸੀ ਕਿ ਉਹਨਾਂ ਕੰਪਿਊਟਰਾਂ ਦੇ ਮਾਲਵੇਅਰ ਦਾ ਪਤਾ ਚੱਲਿਆ ਹੈ ਅਤੇ ਇਕ ਟੇਲੀਫੋਨ ਨੰਬਰ ਦਿਸਦਾ ਸੀ ਜਿਸ ‘ਤੇ ਮਦਦ ਲਈ ਫੋਨ ਕਰਨ ਲਈ ਕਿਹਾ ਜਾਂਦਾ ਸੀ। ਅਦਾਲਤੀ ਦਸਤਾਵੇਜ਼ਾ ਮੁਤਾਬਕ ਇਸ ਘਪਲੇ ਦੇ ਸ਼ਿਕਾਰ ਹੋਣ ਵਾਲਿਆਂ ਨੇ ਔਸਤਨ 482 ਡਾਲਰਾਂ ਦਾ ਭੁਗਤਾਨ ਕੀਤਾ ਅਤੇ ਕਈ ਵਾਰ ਤਾਂ 1000 ਡਾਲਰ ਤੱਕ ਚੁਕਾਏ ਅਤੇ ਉਹਨਾਂ ਨੂੰ ਕਦੇ ਵੀ ਕੰਪਿਊਟਰ ਨੂੰ ਸੁਰੱਖਿਅਤ ਰੱਖ ਸਕਣ ਦੀ ਵਾਸਤਵਿਕ ਸੇਵਾ ਜਾਂ ਮਦਦ ਨਹੀਂ ਮਿਲੀ।