ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਓਹੀਓ ’ਚ ਕੋਰੋਨਾ ਵੈਕਸੀਨ ਦੇ ਚਲਦਿਆਂ ਇਕ 22 ਸਾਲਾ ਲੜਕੀ ਕਰੋੜਾਂ ਦੀ ਮਾਲਕਣ ਬਣ ਗਈ ਹੈ। ਇਸ ਲੜਕੀ ਨੂੰ ਸਰਕਾਰ ਵੱਲੋਂ ਵੈਕਸੀਨੇਸ਼ਨ ਨੂੰ ਪ੍ਰਮੋਟ ਕਰਨ ਲਈ ਸ਼ੁਰੂ ਕੀਤੀ ਗਈ ਲਾਟਰੀ ਯੋਜਨਾ ਦੇ ਫਸਟ ਜੇਤੂ ਦੇ ਤੌਰ ’ਤੇ ਚੁਣਿਆ ਗਿਆ ਹੈ। ਇੰਨਾ ਹੀ ਨਹੀਂ, ਇਕ 14 ਸਾਲਾ ਲੜਕੇ ਨੂੰ ਫੁੱਲ ਸਕਾਲਰਸ਼ਿਪ ਵੀ ਪ੍ਰਦਾਨ ਕੀਤੀ ਗਈ ਹੈ ਯਾਨੀ ਉਸ ਨੂੰ ਪੂਰੇ ਕਾਲਜ ਦੀ ਪੜ੍ਹਾਈ ਦੌਰਾਨ ਆਪਣੀ ਫੀਸ ਦਾ ਕੋਈ ਵੀ ਪੈਸਾ ਖਰਚ ਨਹੀਂ ਕਰਨਾ ਪਵੇਗਾ।
ਇਸ ਕਰਕੇ ਹੋਈ ਯੋਜਨਾ ਦੀ ਸ਼ੁਰੂਆਤ
ਵੈਕਸੀਨੇਸ਼ਨ ਪ੍ਰਤੀ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਸਰਕਾਰ ਨੇ ਹਾਲ ਹੀ ’ਚ ਇਹ ਯੋਜਨਾ ਸ਼ੁਰੂ ਕੀਤੀ ਸੀ। ਇਸੇ ਤਹਿਤ ਪਹਿਲੇ ਇਨਾਮ ਦੇ ਜੇਤੂਆਂ ਦਾ ਐਲਾਨ ਵੀਰਵਾਰ ਨੂੰ ਕੀਤਾ ਗਿਆ। ਓਹੀਓ ਦੇ ਗਵਰਨਰ ਡੀਵਾਈਨ ਨੇ ਦੱਸਿਆ ਕਿ ਫਸਟ ਪ੍ਰਾਈਜ਼ ਜਿੱਤਣ ਵਾਲੀ 22 ਸਾਲਾ ਲੜਕੀ ਨੂੰ ਇਕ ਮਿਲੀਅਨ ਡਾਲਰ ਤਕਰੀਬਨ ਸਾਢੇ ਸੱਤ ਕਰੋੜ ਰੁਪਏ ਮਿਲਣਗੇ। ਉਸ ਨੇ ਅਜੇ ਵੈਕਸੀਨ ਦੀ ਇਕ ਡੋਜ਼ ਹੀ ਲਗਵਾਈ ਹੈ।
ਰਾਤੋ-ਰਾਤ ਕਰੋੜਾਂ ਰੁਪਏ ਦੀ ਮਾਲਕਣ ਬਣਨ ਵਾਲੀ ਐਬੀਗੇਲ ਬੁਗੇਂਸਕੇ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਹੈ ਕਿ ਵੈਕਸੀਨ ਦੀ ਇਕ ਡੋਜ਼ ਉਨ੍ਹਾਂ ਨੂੰ ਇੰਨਾ ਕੁਝ ਦਿਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਨੂੰ ਇਨਾਮ ਜਿੱਤਣ ਬਾਰੇ ਪਤਾ ਲੱਗਾ, ਉਸ ਸਮੇਂ ਮੈਂ ਇਕ ਪੁਰਾਣੀ ਕਾਰ ਖਰੀਦਣ ਜਾ ਰਹੀ ਸੀ ਪਰ ਹੁਣ ਮੈਂ ਨਵੀਂ ਕਾਰ ਖਰੀਦ ਸਕਦੀ ਹਾਂ। ਉਥੇ ਹੀ ਸਕਾਲਰਸ਼ਿਪ ਜਿੱਤਣ ਵਾਲੇ ਲੜਕੇ ਦੇ ਮਾਪੇ ਵੀ ਸਰਕਾਰ ਦੀ ਇਸ ਯੋਜਨਾ ਤੋਂ ਖੁਸ਼ ਹਨ।
ਪੈਸਿਆਂ ਨਾਲੋਂ ਲੋਕਾਂ ਦੀ ਜਾਨ ਬਚਾਉਣਾ ਪਹਿਲ
ਇਸ ਯੋਜਨਾ ਦੀ ਸ਼ੁਰੂਆਤ ਦੇ ਮੌਕੇ ’ਤੇ ਗਵਰਨਰ ਮਾਈਕ ਡੀਵਾਇਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਉਦੇਸ਼ ਲੋਕਾਂ ਨੂੰ ਵੈਕਸੀਨੇਸ਼ਨ ਲਈ ਪ੍ਰੇਰਿਤ ਕਰਨਾ ਹੈ ਕਿਉਂਕਿ ਜ਼ਿਆਦਾਤਰ ਇਸ ’ਚ ਦਿਲਚਸਪੀ ਨਹੀਂ ਦਿਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਪੰਜ ਲੋਕਾਂ ਨੂੰ ਲਾਟਰੀ ਰਾਹੀਂ ਚੁਣਿਆ ਜਾਵੇਗਾ, ਜਿਨ੍ਹਾਂ ਨੇ ਵੈਕਸੀਨ ਦੀ ਘੱਟ ਤੋਂ ਘੱਟ ਇਕ ਡੋਜ਼ ਲਗਵਾਈ ਹੈ। ਡੀਵਾਇਨ ਨੇ ਕਿਹਾ ਸੀ ਕਿ ਹੋ ਸਕਦਾ ਹੈ ਕਿ ਕੁਝ ਲੋਕ ਕਹਿਣ ਕਿ ਮੈਂ ਪਾਗਲ ਹੋ ਗਿਆ ਹਾਂ ਤੇ ਸਰਕਾਰੀ ਪੈਸਾ ਲੁਟਾ ਰਿਹਾ ਹਾਂ ਪਰ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਜਾਨ ਬਚਾਉਣ ਲਈ ਵੈਕਸੀਨ ਮੌਜੂਦ ਹੈ ਤੇ ਅਸੀਂ ਵੈਕਸੀਨ ਨਾ ਲਗਵਾਈਏ ਤਾਂ ਕੀ ਹੋਵੇਗਾ।