ਰੂਪਨਗਰ – ਜ਼ਿਲ੍ਹਾ ਰੂਪਨਗਰ ਵਿਖੇ ਕੋਰੋਨਾ ਦੀ ਵੈਕਸੀਨ ਖ਼ਤਮ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਹਸਪਤਾਲਾਂ ਵਿੱਚ ਕੋਰੋਨਾ ਵੈਕਸੀਨ ਲਗਾਉਣ ਆ ਰਹੇ ਲੋਕ ਪਰੇਸ਼ਾਨ ਹੋ ਰਹੇ ਹਨ। ਹਸਪਤਾਲਾਂ ਵਿਚ ਕੋਰੋਨਾ ਵੈਕਸੀਨ ਲਗਾਉਣ ਆ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਜਲਦੀ ਕੋਰੋਨਾ ਦੀ ਵੈਕਸੀਨ ਲਗਵਾਓ ਪਰ ਦੂਜੇ ਪਾਸੇ ਹਸਪਤਾਲਾਂ, ਡਿਸਪੈਂਸਰੀਆਂ ਵਿਚ ਕੋਰੋਨਾ ਵੈਕਸੀਨ ਉਪਲੱਬਧ ਨਹੀਂ ਹੈ, ਜਿਸ ਕਰਕੇ ਉਨ੍ਹਾਂ ਨੂੰ ਕਈ-ਕਈ ਚੱਕਰ ਲਗਵਾਉਣ ਤੋਂ ਬਾਅਦ ਵੀ ਵੈਕਸੀਨ ਨਹੀਂ ਲੱਗ ਰਹੀ।
ਦੂਜੇ ਪਾਸੇ ਜਦੋਂ ਲੋਕਾਂ ਦੀ ਸਮੱਸਿਆ ਸਬੰਧੀ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੱਲ੍ਹ ਤੋਂ ਜ਼ਿਲ੍ਹਾ ਰੋਪੜ ਵਿਚ ਵੈਕਸੀਅਨ ਖ਼ਤਮ ਹੋ ਚੁੱਕੀ ਹੈ, ਜਿਸ ਕਰਕੇ ਵੈਕਸੀਨੇਸ਼ਨ ਦਾ ਕੰਮ ਫ਼ਿਲਹਾਲ ਬੰਦ ਹੈ। ਉਨ੍ਹਾਂ ਉਮੀਦ ਜਤਾਈ ਕਿ ਸ਼ਾਇਦ ਸ਼ਾਮ ਤੱਕ ਵੈਕਸੀਨ ਆ ਸਕਦੀ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਵੈਕਸੀਨੇਸ਼ਨ ਲਗਵਾਈ ਜਾਵੇ। ਪੰਜਾਬ ਸਰਕਾਰ ਵੱਲੋਂ ਬਕਾਇਦਾ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜਿਨ੍ਹਾਂ ਪਿੰਡਾਂ ਦੀ 100 ਫ਼ੀਸਦੀ ਵੈਕਸੀਨੇਸ਼ਨ ਹੋਵੇਗੀ, ਉਨ੍ਹਾਂ ਨੂੰ 10 ਲੱਖ ਰੁਪਏ ਦੀ ਵਿਕਾਸ ਕਾਰਜਾਂ ਲਈ ਗਰਾਂਟ ਦਿੱਤੀ ਜਾਵੇਗੀ ਪਰ ਹੁਣ ਜਦੋਂ ਪੰਜਾਬ ਦੇ ਲੋਕ ਜਾਗਰੂਕ ਹੋ ਕੇ ਵੈਕਸੀਨੇਸ਼ਨ ਲਗਵਾਉਣ ਲਈ ਹਸਪਤਾਲਾਂ ਦੇ ਵਿਚ ਆ ਰਹੇ ਹਨ ਤਾਂ ਹਸਪਤਾਲਾਂ ਦੇ ਵਿਚ ਵੈਕਸੀਨੇਸ਼ਨ ਉਪਲੱਬਧ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਅਜਿਹੇ ਵਿੱਚ ਪੰਜਾਬ ਸਰਕਾਰ ਦੀ 100 ਫ਼ੀਸਦੀ ਵੈਕਸੀਨੇਸ਼ਨ ਡ੍ਰਈਵ ਕਿਵੇਂ ਸਫ਼ਲ ਹੋਵੇਗੀ।