ਮੇਰਾ ਡਾਇਰੀਨਾਮਾ
ਨਿੰਦਰ ਘੁਗਿਆਣਵੀ
ਕੋਚਰ ਪਾਗਲ ਹੋ ਗਿਆ ਲਗਦੈ, ਕੋਚਰੀ ਨੂੰ ਲਭਦਾ ਲਭਦਾ। ਬੜੀ ਭੱਦੀ ਆਵਾਜ਼ ਹੈ ਕੋਚਰ ਦੀ। ਬੜੀ ਭੈੜੀ, ”ਕੁਰੱਖ਼ਤ … ਕੁਰਰਅਐ ਕੁਰਰਅਐ …।” ਪਤਾ ਨਹੀਂ ਕਿਧਰੋਂ ਉਡਦਾ ਉਡਦਾ ਆਇਐ ਤੇ ਮੇਰੀ ਛੱਤ ਉੱਤੋਂ ਦੀ ਉਡ ਕੇ ਬਿਲਕੁਲ ਨਾਲ ਈ, ਗੁਆਂਢ ‘ਚ ਛਾਂਗੀ ਹੋਈ ਨਿੰਮ ‘ਤੇ ਬਹਿ ਗਿਐ। ਮੈਂ ਉੱਠ ਕੇ ਹੋਕਰਾ ਮਾਰਿਆ – ”ਹੈ ਤੇਰੇ ਦੀ, ਹੈਆ ਹੈਆ, ਹੈਅ …।” ਕੋਚਰ ਉੱਡਿਆ ਤੇ ਪਰੇ ਬੇਢੱਬੀ ਜਿਹੀ ਕਿੱਕਰ ਉੱਪਰ ਜਾ ਕੇ ਕੁਰਲਾਉਣ ਲੱਗਿਆ … ”ਕੁਰਰਅਐ …।”
ਕੋਚਰੀ ਪਤਾ ਨੀ ਕੰਜਰ ਦੀ ਕਿੱਥੇ ਛਪਣਛੋਤ ਹੈ? ਬੇਰੋਕ ਕੂਕ ਰਿਹੈ ਕੋਚਰ – ”ਕੁਰਰਅਐ ਕੁਰਰਅਐ …।”
*****
ਠੰਢੀ ਹਵਾ ਦਾ ਭਾਰੀ ਬੁੱਲਾ … ਫ਼ਰਰਰ ਫ਼ਰਰਰ …। ਛੱਤ ਦਾ ਬਨ੍ਹੇਰਾ ਵੀ ਨਹੀਂ ਅਤੇ ਨਾ ਕਿਨਾਰੀ ਹੈ। ਹਵਾ ਬੜੀ ਪਿਆਰੀ ਹੈ। ਮਹਿੰਗੇ ਮੁੱਲ ਵੀ ਨਾ ਮਿਲੇ ਇਹੋ ਜਿਹੀ ਹਵਾ! ਕੋਚਰ ਚੁੱਪ ਹੋ ਗਿਐ। ਲਾਹੌਰ ਵਾਲੇ ਪਾਸਿਓਂ ਬੱਦਲ ਲਿਸ਼ਕ ਪਿਐ। ਅੱਜ ਮੌਸਮੀ ਮਾਹਿਰਾਂ ਦੇ ਹਵਾਲੇ ਨਾਲ ਖ਼ਬਰ ਛਪੀ ਸੀ ਕਿ ਮੀਂਹ ਪੈਣਾ ਹੈ ਅਤੇ ਠੰਡੀਆਂ ਹਵਾਵਾਂ ਵਗਣਗੀਆਂ। ਸੋ, ਪਿੰਡ ਦੀ ਖੁੱਲ੍ਹੀ ਡੁਲ੍ਹੀ ਠੰਢੀ ਹਵਾ ‘ਚ ਸੌਣ ਦਾ ਯਤਨ ਕਰਦਾਂ ਪਰ ਨੀਂਦ ਨੇੜੇ ਤੇੜੇ ਨਹੀਂ ਢੁੱਕ ਰਹੀ। ਇਸ ਕੁਦਰਤੀ ਠੰਢੀ ਹਵਾ ਦੇ ਨਾਲ ਨਾਲ ਕੁਝ ਤੱਤੀਆਂ ਹਨ੍ਹੇਰੀਆਂ ਦਾ ਸੇਕ ਵੀ ਮੈਨੂੰ ਲੱਗ ਰਿਹੈ। ਮਨ ਭਾਰੀ ਭਾਰੀ ਹੈ। ਕਰੋਨਾ ਦਾ ਕਹਿਰ ਮਚਾ ਰਹੀ ਹਨੇਰੀ ਅਤੇ ਅੰਦੋਲਨ ਉੱਤੇ ਬੈਠੇ ਕਿਸਾਨ ਭੈਣ ਭਰਾਵਾਂ ਦੀ ਚਿੰਤਾ। ਹੁਣ ਤਾਂ ਕਰੋਨਾ ਪਿੰਡਾਂ ‘ਚ ਵੀ ਆਣ ਵੜੀ ਹੈ। ਟੈਲੀਵਿਯਨ ‘ਤੇ ਪੰਜਾਬ ਦਾ ਮੁੱਖ ਮੰਤਰੀ ਆਖ ਰਿਹੈ ਕਿ ਪਿੰਡਾਂ ‘ਚ ਠੀਕਰੀ ਪਹਿਰੇ ਲਾਓ ਤੇ ਕਰੋਨਾ ਭਜਾਓ!!
******
ਅੱਜ ਆਥਣੇ ਕੁਝ ਵੀਡੀਓ ਵੇਖ ਬੈਠਾ ਸਾਂ ਤਾਂ ਬੇਹੱਦ ਉਦਾਸੀ ਨੇ ਆਣ ਘੇਰਿਆ। ਇੱਕ ਵੀਡੀਓ ‘ਚ ਹੈ ਕਿ ਕਰੋਨਾ ਨਾਲ ਮਰਿਆ ਬੰਦਾ ਲੱਕੜ ਦੇ ਬੈਂਚ ਉੱਤੇ ਪਿਐ। ਦੂਰ ਆਸੇ ਪਾਸੇ ਕੁਝ ਲੋਕ ਮੂੰਹ ਢੱਕੀ ਅਤੇ ਕੱਛਾਂ ‘ਚ ਬਾਹਾਂ ਦੇਈ ਖਲੋਤੇ ਵੇਖ ਰਹੇ ਨੇ। ਬੈਂਚ ਦੇ ਨਾਲ ਕਰ ਕੇ JCB ਮਸ਼ੀਨ ਦਾ ਮੂੰਹ ਲਾਇਆ ਹੋਇਐ। ਇੱਕ ਬੰਦਾ ਮਰੇ ਬੰਦੇ ਨੂੰ ਲੱਕੜ ਨਾਲ JCB ਦੇ ਮੂੰਹ ‘ਚ ਧੱਕ ਰਿਹੈ। ਮਿਰਤਕ ਦੇਹ ਦਾ ਧੜੱਕ ਕਰ ਕੇ JCB ਦੇ ਮੂੰਹ ‘ਚ ਡਿੱਗਣ ਤੋਂ ਬਾਅਦ ਉਹ JCB ਇੱਕ ਟੋਏ ਕੋਲ ਲਿਆਂਦੀ ਗਈ। ਕੁਛ ਲੋਕ ਉਥੇ ਵੀ ਖਲੋਤੇ ਇਹ ਤਮਾਸ਼ਾ ਤੱਕ ਰਹੇ ਨੇ। ਦੇਹੀ ਟੋਏ ‘ਚ ਸੁੱਟੀ ਹੈ JCB ਨੇ। ਇੱਕ ਬੰਦੇ ਨੇ ਲਾਲ ਕੱਪੜੇ ਦਾ ਟੋਟਾ ਤੇ ਕੁਝ ਹੋਰ ਨਿੱਕ ਸੁੱਕ ਜਿਹਾ ਉਸ ‘ਤੇ ਸੁੱਟਿਆ। JCB ਟੋਆ ਪੂਰ ਰਹੀ ਹੈ। ਓ ਮਾਈ ਗੌਡ!
ਇਕ ਹੋਰ ਵੀਡੀਓ ਨੇ ਬੜਾ ਪਰੇਸ਼ਾਨ ਕੀਤੈ। ਜਲੰਧਰ ਵਿੱਚ ਇੱਕ ਪਰਵਾਸੀ ਬੇਚਾਰਾ ਆਪਣੀ ਕਰੋਨਾ ਮ੍ਰਿਤਕ ਪੁੱਤਰੀ ਦੀ ਦੇਹ ਮੋਢੇ ਉੱਤੇ ਚੁੱਕੀ ਜਾ ਰਿਹਾ ਹੈ ਅਤੇ ਪਿੱਛੇ ਪਿੱਛੇ ਇੱਕ ਜਣਾ ਹੋਰ ਤੁਰ ਰਿਹਾ ਹੈ ਜੋ ਦੇਹ ਉੱਤੋਂ ਉਡਦਾ ਕੱਪੜਾ ਠੀਕ ਕਰਦਾ ਹੈ। ਆਹ ਦਿਨ ਵੀ ਆਉਣੇ ਸਨ?
ਹਾਏ ਓ ਬੰਦਿਆ! ਤੇਰਾ ਇਹ ਹਸ਼ਰ ਹੋਣਾ ਹਾਲੇ ਬਾਕੀ ਸੀ! ਠੰਢੀ ਹਵਾ ਦਾ ਕੁਦਰਤੀ ਬੁੱਲ੍ਹਾ ਮੈਨੂੰ ਤਪਸ਼ ਦੇ ਰਿਹੈ। ਡਾਇਰੀਨਾਮਾ ਲਿਖਦਾ ਬੜਾ ਉਦਾਸ ਹਾਂ। ਕੀ ਕਰੀਏ, ਕਿੱਧਰ ਜਾਈਏ?