‘ਰੋਜ਼ਾਨਾ 1 ਕਰੋੜ ਟੀਕੇ ਲਗਾਵਾਂਗੇ ਤਾਂ ਹੀ ਲੱਗ ਸਕਣਗੇ ਸਾਰਿਆਂ ਨੂੰ ਟੀਕੇ’

ਨਵੀਂ ਦਿੱਲੀ– ਜੇਕਰ ਭਾਰਤ ’ਚ 18 ਸਾਲ ਤੋਂ ਉੱਪਰ ਦੇ 94 ਕਰੋੜ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਟੀਕੇ ਦੀਆਂ 2 ਖੁਰਾਕਾਂ ਲਗਾਉਣ ਦਾ ਟੀਚਾ ਪ੍ਰਾਪਤ ਕਰਨਾ ਹੈ ਤਾਂ ਰੋਜ਼ਾਨਾ ਲੱਗਭਗ 1 ਕਰੋੜ ਲੋਕਾਂ ਨੂੰ ਟੀਕੇ ਲਗਾਉਣ ਹੋਣਗੇ। ਅਪ੍ਰੈਲ ’ਚ ਇਕ ਦਿਨ ’ਚ ਔਸਤ 30 ਲੱਖ ਟੀਕੇ ਲਗਾਉਣ ਦਾ ਰਿਕਾਰਡ ਬਣਾਇਆ ਗਿਆ ਪਰ ਮਈ ’ਚ 18 ਲੱਖ ਟੀਕੇ ਲਗਾਏ ਗਏ।
ਸਰਕਾਰ ਲਗਾਤਾਰ ਇਹ ਦਾਅਵਾ ਕਰਦੀ ਰਹੀ ਹੈ ਕਿ ਟੀਕਿਆਂ ਦੀ ਕੋਈ ਕਮੀ ਨਹੀਂ ਹੈ ਪਰ ਦੇਸ਼ ’ਚ ਬਹੁਤ ਸਾਰੇ ਟੀਕਾਕਰਨ ਕੇਂਦਰ ਟੀਕਿਆਂ ਦੀ ਕਮੀ ਕਾਰਨ ਬੰਦ ਹੋ ਗਏ ਹਨ। ਸ਼ੁਰੂਆਤ ’ਚ ਲੋਕਾਂ ’ਚ ਟੀਕਿਆਂ ਨੂੰ ਲੈ ਕੇ ਕੁਝ ਹਿਚਕਿਚਾਹਟ ਸੀ ਪਰ ਹੁਣ ਲੋਕ ਟੀਕਾ ਲਗਵਾਉਣ ਲਈ ਬਹੁਤ ਉਤਾਵਲੇ ਹੋ ਗਏ ਹਨ।
ਇੱਥੋਂ ਤੱਕ ਕਿ ਪੇਂਡੂ ਇਲਾਕਿਆਂ ’ਚ ਵੀ ਲੋਕ ਟੀਕਾਕਰਨ ਲਈ ਅੱਗੇ ਆ ਰਹੇ ਹਨ। ਦੇਸ਼ ’ਚ ਸ਼ਹਿਰਾਂ ਅਤੇ ਪਿੰਡਾਂ ’ਚ ਲੋਕਾਂ ਦਾ ਟੀਕਾਕਰਨ ਲਈ ਉਮੜਣਾ ਆਮ ਵੇਖਿਆ ਜਾ ਸਕਦਾ ਹੈ ਪਰ ਟੀਕੇ ਨਾ ਮਿਲਣ ਨਾਲ ਕੁਝ ਥਾਵਾਂ ’ਤੇ ਉਨ੍ਹਾਂ ਨੂੰ ਵਾਪਸ ਪਰਤਣਾ ਪੈ ਰਿਹਾ ਹੈ। ਦੇਸ਼ ’ਚ 18 ਸਾਲ ਤੋਂ ਵੱਧ ਦੇ ਲੋਕਾਂ ਨੂੰ ਟੀਕੇ ਲਗਾਉਣ ਲਈ ਘੱਟ ਤੋਂ ਘੱਟ 170 ਕਰੋੜ ਟੀਕੇ ਚਾਹੀਦੇ ਹਨ।
ਕੋਰੋਨਾ ਦੀ ਤੀਜੀ ਲਹਿਰ ਤੋਂ ਬਚਾਉਣ ਲਈ ਬੱਚਿਆਂ ਨੂੰ ਵੀ ਟੀਕੇ ਲਗਾਉਣ ਦੀ ਯੋਜਨਾ ਹੈ ਪਰ ਅਜੇ ਬੱਚਿਆਂ ਲਈ ਟੀਕਾ ਨਹੀਂ ਆਇਆ ਹੈ। ਭਾਰਤ ’ਚ 131 ਦਿਨਾਂ ’ਚ ਲੱਗਭਗ 20 ਕਰੋੜ ਟੀਕੇ ਇਸਤੇਮਾਲ ਹੋ ਚੁੱਕੇ ਹਨ। 31 ਦਸੰਬਰ ਤੱਕ ਅਗਲੇ 175 ਦਿਨਾਂ ’ਚ (ਐਤਵਾਰ ਅਤੇ ਤਿਓਹਾਰਾਂ ਨੂੰ ਛੱਡ ਕੇ) ਬਾਕੀ 170 ਕਰੋੜ ਟੀਕੇ ਲਗਾਏ ਜਾਣੇ ਹਨ।