ਕੋਰੋਨਾ ਦਾ ਪ੍ਰਭਾਵ ਘਟਿਆ ਪਰ ਮਰਨ ਵਾਲਿਆਂ ਦੀ ਗਿਣਤੀ ਨਹੀਂ, 29 ਸਾਲਾ ਨੌਜਵਾਨ ਸਣੇ 16 ਲੋਕਾਂ ਦੀ ਮੌਤ

ਅੰਮ੍ਰਿਤਸਰ – ਕੋਰੋਨਾ ਵਾਇਰਸ ਦਾ ਪ੍ਰਭਾਵ ਬੇਸ਼ੱਕ ਘੱਟ ਹੋ ਰਿਹਾ ਹੈ ਪਰ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਅੰਮ੍ਰਿਤਸਰ ’ਚ ਬੀਤੇ ਦਿਨ 29 ਸਾਲਾ ਨੌਜਵਾਨ ਸਮੇਤ 16 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 352 ਨਵੇਂ ਇਨਫ਼ੈਕਟਿਡ ਮਿਲੇ ਹਨ। ਰਾਹਤ ਵਾਲੀ ਗੱਲ ਹੈ ਕਿ 385 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਉਹ ਤੰਦਰੁਸਤ ਹੋਏ ਹਨ। ਜਾਣਕਾਰੀ ਅਨੁਸਾਰ ਆਪਣਾ ਪੂਰਾ ਕਹਿਰ ਵਰਸਾਉਣ ਦੇ ਬਾਅਦ ਕੋਰੋਨਾ ਦਾ ਅਸਰ ਜ਼ਿਲ੍ਹੇ ’ਚ ਘੱਟ ਹੁੰਦਾ ਵਿਖਾਈ ਦੇ ਰਿਹਾ ਹੈ। ਰੋਜ਼ਾਨਾ ਕੇਸਾਂ ’ਚ ਘਾਟ ਦਰਜ ਕੀਤੀ ਜਾ ਰਹੀ ਹੈ ਪਰ ਚਿੰਤਾ ਦਾ ਵਿਸ਼ਾ ਹੈ ਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਤਦਾਦ ਨਹੀਂ ਘੱਟ ਹੋ ਰਹੀ।
ਇਨ੍ਹਾਂ ਮਰੀਜ਼ਾਂ ਦੀ ਹੋਈ ਮੌਤ
ਮ੍ਰਿਤਕਾਂ ’ਚ ਭਿੱਟੇਵਡ ਵਾਸੀ 55 ਸਾਲਾ ਵਿਅਕਤੀ, ਪ੍ਰੇਮ ਨਗਰ ਮਜੀਠਾ ਰੋਡ ਵਾਸੀ 60 ਸਾਲਾ ਜਨਾਨੀ, ਖੰਡਵਾਲਾ ਵਾਸੀ 45 ਸਾਲਾ ਜਨਾਨੀ, ਵੱਲ੍ਹਾ ਵਾਸੀ 77 ਸਾਲਾ ਬਜ਼ੁਰਗ, ਹਰੀਪੁਰਾ ਵਾਸੀ 72 ਸਾਲਾ ਬਜ਼ੁਰਗ, ਰੇਲਵੇ ਗੇਟ ਵਾਸੀ 40 ਸਾਲਾ ਜਨਾਨੀ, ਨੰਗਲ ਵਾਸੀ 60 ਸਾਲਾ ਜਨਾਨੀ, ਕੋਟ ਖਾਲਸਾ ਵਾਸੀ 65 ਸਾਲਾ ਮਹਿਲ, ਸੁਲਤਾਨਵਿੰਡ ਰੋਡ ਵਾਸੀ 55 ਸਾਲਾ ਵਿਅਕਤੀ, ਕੋਟ ਖਾਲਸਾ ਵਾਸੀ 65 ਸਾਲਾ ਬਜ਼ੁਰਗ, ਮੱਤੇਵਾਲ ਵਾਸੀ 39 ਸਾਲਾ ਜਨਾਨੀ, ਰਣਜੀਤ ਐਵੇਨਿਊ ਵਾਸੀ 73 ਸਾਲਾ ਬਜ਼ੁਰਗ, ਐੱਸ. ਜੀ. ਇਨਕਲੇਵ ਵਾਸੀ 72 ਸਾਲਾ ਬਜ਼ੁਰਗ, ਵਡਾਲਾ ਖੁਰਦ ਵਾਸੀ 29 ਸਾਲਾ ਵਿਅਕਤੀ, ਪਿੰਡ ਧਾਰੜ ਵਾਸੀ 64 ਸਾਲਾ ਜਨਾਨੀ, ਕਟੜਾ ਕਰਮ ਸਿੰਘ ਵਾਸੀ 55 ਸਾਲਾ ਜਨਾਨੀ ਅਤੇ ਭੰਡਾਰੀ ਪੁੱਲ ਦੇ ਨਜ਼ਦੀਕ ਰਹਿਣ ਵਾਲਾ 48 ਸਾਲਾ ਵਿਅਕਤੀ ਸ਼ਾਮਲ ਹੈ ।
ਇਹ ਰਹੇ ਅੰਕੜੇ
ਕਮਿਊਨਿਟੀ ਤੋਂ ਮਿਲੇ : 245
ਕਾਂਟੈਕਟ ਤੋਂ ਮਿਲੇ : 107
ਅੱਜ ਤੰਦਰੁਸਤ ਹੋਏ : 385
ਐਕਟਿਵ ਕੇਸ : 4001
ਅੱਜ ਤੱਕ ਇਨਫ਼ੈਕਟਿਡ : 43526
ਅੱਜ ਤੱਕ ਤੰਦੁਰੁਸਤ ਹੋਏ : 38152
ਅੱਜ ਤੱਕ ਮੌਤਾਂ : 1373
ਜੁਝਾਰ ਸਿੰਘ ਐਵਨਿਊ ਬਣਿਆ ਕੰਟੇਨਮੈਂਟ ਜ਼ੋਨ
ਜ਼ਿਲ੍ਹਾ ਪ੍ਰਸ਼ਾਸਨ ਨੇ ਜੁਝਾਰ ਸਿੰਘ ਐਵੇਨਿਊ ਨੂੰ ਕੰਟੇਨਮੈਂਟ ਜ਼ੋਨ ਬਣਾ ਦਿੱਤਾ ਹੈ। ਇਸ ਤਰ੍ਹਾਂ ਜਵਾਹਰ ਨਗਰ ਬਟਾਲਾ ਰੋਡ ਸਥਿਤ ਬੋਹੜ ਵਾਲਾ ਸ਼ਿਵਾਲਾ ਗਲੀ ਨੰਬਰ 1 ਤੋਂ 12 ਬਾਜ਼ਾਰ ਨੰਬਰ 5 ਅਤੇ ਇਸਦੇ ਨਜ਼ਦੀਕ ਸਥਿਤ ਸ਼ਹੀਦ ਊਧਮ ਸਿੰਘ ਨਗਰ, ਜੋਧ ਨਗਰ, ਜੰਡ ਪੀਰ ਕਾਲੋਨੀ ਖੰਡਵਾਲਾ ਅਤੇ ਗੁਮਟਾਲਾ ਮਕਾਨ ਨੰਬਰ 119 ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਹੈ ।
ਵੈਕਸੀਨ ਦੀ ਕਿੱਲਤ ਜਾਰੀ, ਸਿਰਫ਼ 2187 ਲੋਕਾਂ ਨੂੰ ਲੱਗਾ ਟੀਕਾ
ਜ਼ਿਲੇ ’ਚ ਵੈਕਸੀਨ ਦੀ ਕਿੱਲਤ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਸਿਰਫ਼ 2187 ਲੋਕਾਂ ਨੂੰ ਵੈਕਸੀਨ ਲੱਗ ਸਕੀ ਹੈ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਸਿਵਲ ਹਸਪਤਾਲ ’ਚ ਟੀਕਾਕਰਨ ਹੋਇਆ ਤੇ ਇਹ ਸਿਰਫ਼ ਸਿਹਤ ਕਰਮੀਆਂ ਲਈ ਸੀ। ਜ਼ਿਲ੍ਹੇ ਦੇ 13 ਵੈਕਸੀਨ ਸੈਂਟਰਾਂ ’ਤੇ ਮੰਗਲਵਾਰ ਨੂੰ 14 ਤੋਂ 44 ਉਮਰ ਦੇ 390, 18 ਤੋਂ 40 ਮਜ਼ਦੂਰ ਵਰਗ 43, 18 ਤੋਂ 4 ਵੱਖ-ਵੱਖ ਬੀਮਾਰੀਆਂ ਨਾਲ ਪੀੜਤ ਲੋਕਾਂ 188 ਅਤੇ ਸਿਹਤ ਕਰਮੀਆਂ ਦੇ 159 ਪਰਿਵਾਰਕ ਮੈਂਬਰਾਂ ਨੂੰ ਟੀਕਾ ਲੱਗਿਆ। ਰਣਜੀਤ ਐਵੇਨਿਊ ਸਥਿਤ ਸੈਟੇਲਾਈਟ ਹਸਪਤਾਲ ’ਚ ਟੀਕਾਕਰਨ ਦੀ ਰਫ਼ਤਾਰ ਮੰਦ ਰਹੀ। ਉਝ ਜ਼ਿਲ੍ਹੇ ਦੇ ਸਾਰੇ ਵੈਕਸੀਨ ਸੈਂਟਰਾਂ ’ਤੇ 45 ਤੋਂ ਜ਼ਿਆਦਾ ਉਮਰ ਦੇ ਲੋਕ ਟੀਕਾ ਲਗਵਾਉਣ ਪੁੱਜ ਰਹੇ ਹਨ ਤੇ ਵੈਕਸੀਨ ਦਾ ਸੀਮਤ ਸਟਾਕ ਹੋਣ ਦੀ ਵਜ੍ਹਾ ਨਾਲ ਸਾਰਿਆਂ ਨੂੰ ਵੈਕਸੀਨ ਨਹੀਂ ਲੱਗ ਰਹੀ। ਜ਼ਿਲ੍ਹੇ ’ਚ ਅੱਜ ਤੱਕ 3 ਲੱਖ 65 ਹਜ਼ਾਰ 754 ਲੋਕਾਂ ਨੂੰ ਟੀਕਾ ਲੱਗ ਸਕਿਆ ਹੈ।