ਆਈ.ਐੱਮ.ਏ. ਨੇ ਰਾਮਦੇਵ ਨੂੰ ਭੇਜਿਆ 1000 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ

ਹਰਿਦੁਆਰ – ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਦੀ ਪ੍ਰਦੇਸ਼ ਇਕਾਈ ਵਲੋਂ ਯੋਗ ਗੁਰੂ ਸਵਾਮੀ ਰਾਮਦੇਵ ਨੂੰ ਇਕ ਹਜ਼ਾਰ ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਨੋਟਿਸ ’ਚ ਸਵਾਮੀ ਰਾਮਦੇਵ ਨੂੰ ਕਿਹਾ ਗਿਆ ਹੈ ਕਿ 15 ਦਿਨ ਦੇ ਅੰਦਰ ਦੋਸ਼ਾਂ ਦਾ ਖੰਡਨ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ ’ਤੇ ਪਾਓ। ਨਾਲ ਹੀ 76 ਘੰਟੇ ਦੇ ਅੰਦਰ ਕੋਰੋਨਿਲ ਦੇ ਇਕ ਇਸ਼ਤਿਹਾਰ ਦੀ ਵਾਪਸੀ ਦੀ ਸ਼ਰਤ ਵੀ ਰੱਖੀ ਗਈ ਹੈ।
ਆਈ. ਐੱਮ. ਏ. ਦੇ ਪ੍ਰਦੇਸ਼ ਸਕੱਤਰ ਡਾ. ਅਜੈ ਖੰਨਾ ਵਲੋਂ ਮੰਗਲਵਾਰ ਨੂੰ ਮਾਨਹਾਨੀ ਦਾ ਇਹ ਨੋਟਿਸ ਭੇਜਿਆ ਗਿਆ। ਇਸ ’ਚ ਸਵਾਮੀ ਰਾਮਦੇਵ ਵਲੋਂ ਐਲੋਪੈਥੀ ਨੂੰ ਲੈ ਕੇ ਦਿੱਤੇ ਗਏ ਕਥਿਤ ਬਿਆਨਾਂ ਦਾ ਹਵਾਲਾ ਦਿੱਤਾ ਗਿਆ ਹੈ। ਨੋਟਿਸ ’ਚ ਕਿਹਾ ਗਿਆ ਹੈ ਕਿ ਰਾਮਦੇਵ ਦੇ ਬਿਆਨਾਂ ਨਾਲ ਆਈ. ਐੱਮ. ਏ. ਦੇ ਮੈਂਬਰਾਂ ਦੀ ਸਾਖ ਦੀ ਹਾਨੀ ਹੋਈ ਹੈ। ਇਨ੍ਹਾਂ ਬਿਆਨਾਂ ਲਈ 15 ਦਿਨ ਦੇ ਅੰਦਰ-ਅੰਜਰ ਲਿਖਤੀ ’ਚ ਮਾਫੀ ਮੰਗੀ ਜਾਵੇ। ਸਾਰੇ ਦੋਸ਼ਾਂ ਦਾ ਖੰਡਨ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕੀਤਾ ਜਾਵੇ। 76 ਘੰਟੇ ਦੇ ਅੰਦਰ ਦਿਵਯ ਸ਼ਵਾਸਾਰਿ, ਕੋਰੋਨਿਲ ਕਿੱਟ ਦੇ ਉਸ ਇਸ਼ਤਿਹਾਰ ਨੂੰ ਸਾਰੇ ਸਥਾਨਾਂ ਤੋਂ ਵਾਪਸ ਲਿਆ ਜਾਵੇ, ਜਿਸ ’ਚ ਵੈਕਸੀਨ ਲੱਗਣ ਤੋਂ ਬਾਅਦ ਹੋਣ ਵਾਲੇ ਸਾਈਡ ਇਫੈਕਟ ਅਤੇ ਕੋਰੋਨਾ ਲਾਗ ਵਿਰੁੱਧ ਪ੍ਰਭਾਵੀ ਦਵਾਈ ਦੱਸਦਿਆਂ ਪ੍ਰਚਾਰਿਆ ਤੇ ਪ੍ਰਸਾਰਿਤ ਕੀਤਾ ਗਿਆ ਹੈ। ਨੋਟਿਸ ’ਚ ਕਿਹਾ ਗਿਆ ਹੈ ਕਿ ਉਤਰਾਖੰਡ ’ਚ ਆਈ. ਐੱਮ. ਏ. ਦੇ ਲੱਗਭਗ 2000 ਮੈਂਬਰ ਹਨ, ਜੇਕਰ ਦੋਸ਼ਾਂ ਦਾ ਖੰਡਨ ਨਹੀਂ ਕੀਤਾ ਜਾਂਦਾ ਹੈ ਤਾਂ ਹਰ ਇਕ ਮੈਂਬਰ ਲਈ 50 ਲੱਖ ਅਤੇ ਕੁੱਲ ਇਕ ਹਜ਼ਾਰ ਕਰੋੜ ਰੁਪਏ ਦੀ ਰਾਹਤ ਦੀ ਮੰਗ ਕੀਤੀ ਜਾਵੇਗੀ।