ਗਿੱਦੜਬਾਹਾ : ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਨਵੇਂ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਹੈ। ਉਨ੍ਹਾ ਇਸ ਪਲਾਂਟ ਲਈ ਸੇਤੀਆ ਇੰਡਸਟਰੀ ਦੇ ਐੱਮ.ਡੀ. ਅਜੇ ਸੇਤੀਆ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਰਾਜਾ ਵੜਿੰਗ ਨੇ ਦੱਸਿਆ ਕਿ ਇਹ ਪਲਾਂਟ ਸਿਵਲ ਹਸਪਤਾਲ ਦੇ 50 ਬੈੱਡ ਲਈ ਬਹੁਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਪਲਾਂਟ ਪ੍ਰਤੀ ਮਿੰਟ 250 ਲੀਟਰ ਆਕਸੀਜਨ ਪੈਦਾ ਕਰੇਗਾ ਅਤੇ ਇਹ ਆਕਸੀਜਨ ਹਵਾ ਤੋਂ ਤਿਆਰ ਹੋਵੇਗੀ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਥੇਰੀ ਸਾਹਿਬ ਦੇ ਕੋਵਿਡ ਸੈਂਟਰ ਵਿਖੇ ਆਕਸੀਜਨ ਪਲਾਂਟ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਤੱਕ ਹਸਪਤਾਲ ਨੂੰ ਆਕਸੀਜਨ ਰਿਸੀਵਰ ਵੀ ਪ੍ਰਾਪਤ ਹੋ ਜਾਵੇਗਾ, ਤਾਂ ਜੋ ਅਤਿਰਿਕਤ ਆਕਸੀਜਨ ਨੂੰ ਜਮ੍ਹਾ ਕਰਕੇ ਜਰੂਰਤ ਅਨੁਸਾਰ ਵਰਤਿਆ ਜਾ ਸਕੇ। ਇਸ ਮੌਕੇ ਰਾਜਾ ਵੜਿੰਗ ਨੇ ਸ਼ਹਿਰ ਦੀਆਂ 5 ਬੇਹਤਰੀਨ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੀ ਤਨਖਾਹ ਵਿੱਚੋਂ 21-21 ਹਜ਼ਾਰ ਰੁਪਏ ਦੀ ਰਾਸ਼ੀ ਮਦਦ ਲਈ ਦਿੱਤੀ। ਇਸ ਮੌਕੇ ਵਿਧਾਇਕ ਰਾਜਾ ਵੜਿੰਗ ਨੇ ਜ਼ਿਲ੍ਹਾ ਮੁਕਤਸਰ ਅਤੇ ਖਾਸ ਕਰ ਬਠਿੰਡਾ ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਸਖ਼ਤ ਸਬਦਾਂ ਵਿਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਨਾਮ ਤੇ ਲੁੱਟ ਨਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਕੁਝ ਪ੍ਰਾਈਵੇਟ ਡਾਕਟਰ ਤਾਂ ਆਪਣੇ ਇਸ ਪੇਸ਼ੇ ਨੂੰ ਬਾਖੂਬੀ ਨਿਭਾ ਰਹੇ ਹਨ ਅਤੇ ਕੋਰੋਨਾ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ ਪਰੰਤੂ ਕੁਝ ਪ੍ਰਾਈਵੇਟ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਦੀ ਆਰਥਿਕ ਲੁੱਟ ਦੀਆਂ ਖਬਰਾਂ ਆ ਰਹੀਆਂ ਹਨ, ਜਿਸ ਨੂੰ ਸਰਕਾਰ ਵੱਲੋ ਬਰਦਾਸ਼ਤ ਨਹੀਂ ਕੀਤੀ ਜਾਵੇਗਾ ਅਤੇ ਸ਼ਿਕਾਇਤ ਆਉਣ ਤੇ ਦੋਸ਼ੀ ਡਾਕਟਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਗਾਈਡਲਾਈਨਜ਼ ਅਨੁਸਾਰ ਕੋਰੋਨਾ ਮਰੀਜਾਂ ਦੇ ਕੀਤੇ ਜਾਂਦੇ ਇਲਾਜ ਦੇ ਰੇਟ ਆਪਣੇ ਹਸਪਤਾਲਾਂ ਦੇ ਬਾਹਰ ਡਿਸਪਲੇ ਕਰਨ। ਇਸ ਮੌਕੇ ਉਨ੍ਹਾ ਦੇ ਨਾਲ ਸਿਵਲ ਸਰਜਨ ਡਾਕਟਰ ਰੰਜੂ ਸਿੰਗਲਾ, ਐਸ.ਐਮ.ਓ. ਪਰਵਜੀਤ ਗੁਲਾਟੀ, ਐਸਡੀਐਮ ਓਮ ਪ੍ਰਕਾਸ, ਈਓ ਜਗਸੀਰ ਸਿੰਘ ਧਾਲੀਵਾਲ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ, ਬਿੱਟੂ ਸਚਦੇਵਾ,ਕੌਸਲਰ ਰਾਜੀਵ ਮਿੱਤਲ, ਬਿੱਟੂ ਗਾਂਧੀ,ਨਰਿੰਦਰ ਭੋਲਾ ਕੌਸਲਰ, ਸੰਨੀ ਗਰੋਵਰ ਪ੍ਰਧਾਨ , ਸੁਖਮੰਦਰ ਗਿੱਲ, ਸਮੂਹ ਕੌਂਸਲਰ, ਸਮਾਜ ਸੇਵੀ ਅਨਮੋਲ ਜੁਨੇਜਾ ਬੱਬਲੂ, ਮਨੀਸ਼ ਵਰਮਾ, ਨਰਾਇਣ ਦਾਸ ਸਿੰਗਲਾ ਅਤੇ ਫਾਰਮਾਸਿਸਟ ਅਜੈ ਗੋਇਲ ਆਦਿ ਵੀ ਹਾਜ਼ਰ ਸਨ।