‘ਟੂਲਕਿੱਟ’ ਮਾਮਲੇ ‘ਤੇ ਰਾਹੁਲ ਨੇ ਕਿਹਾ- ਸੱਚ ਡਰਦਾ ਨਹੀਂ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਕੋਵਿਡ ਟੂਲਕਿੱਟ’ ਮਾਮਲੇ ‘ਚ ਦਿੱਲੀ ਪੁਲਸ ਵਲੋਂ ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿੱਟਰ ਦੇ ਦਫ਼ਤਰਾਂ ‘ਤੇ ਛਾਪਾ ਮਾਰੇ ਜਾਣ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਕਿਹਾ ਕਿ ਸੱਚ ਡਰਦਾ ਨਹੀਂ ਹੈ। ਉਨ੍ਹਾਂ ਨੇ ‘ਹੈਸ਼ਟੈਗ ਟੂਲਕਿੱਟ’ ਨਾਲ ਟਵੀਟ ਕੀਤਾ,”ਸੱਚ ਡਰਦਾ ਨਹੀਂ।”
ਦੱਸਣਯੋਗ ਹੈ ਕਿ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਦੀ ਟੀਮ ਨੇ ‘ਕੋਵਿਡ ਟੂਲਕਿੱਟ’ ਮਾਮਲੇ ਦੀ ਜਾਂਚ ਦੇ ਸੰਬੰਧ ‘ਚ ਟਵਿੱਟਰ ਇੰਡੀਆ ਦੇ ਦਿੱਲੀ ਅਤੇ ਗੁਰੂਗ੍ਰਾਮ ਸਥਿਤ ਦਫ਼ਤਰਾਂ ‘ਤੇ ਸੋਮਵਾਰ ਦੀ ਸ਼ਾਮ ਛਾਪਾ ਮਾਰਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਸੈੱਲ ਨੇ ‘ਕੋਵਿਡ-19 ਟੂਲਕਿੱਟ’ ਸੰਬੰਧੀ ਸ਼ਿਕਾਇਤ ਨੂੰ ਲੈ ਕੇ ਟਵਿੱਟਰ ਨੂੰ ਨੋਟਿਸ ਭੇਜਿਆ ਅਤੇ ਭਾਜਪਾ ਨੇਤਾ ਸੰਬਿਤ ਪਾਤਰਾ ਦੇ ਟਵੀਟ ਨੂੰ ‘ਛੇੜਛਾੜ ਕੀਤਾ ਹੋਇਆ’ ਦੱਸਣ ਨੂੰ ਲੈ ਕੇ ਮਾਈਕ੍ਰੋ-ਬਲਾਗਿੰਗ ਸਾਈਟ ਤੋਂ ਸਪੱਸ਼ਟੀਕਰਨ ਮੰਗਿਆ ਸੀ।
ਪਿਛਲੇ ਹਫ਼ਤੇ ਟਵਿੱਟਰ ਨੇ ‘ਟੂਲਕਿੱਟ’ ਨਾਲ ਸੰਬੰਧੀ ਪਾਤਰਾ ਦੇ ਟਵੀਟ ਨੂੰ ਛੇੜਛਾੜ ਕੀਤਾ ਹੋਇਆ ਦੱਸਿਆ ਸੀ। ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਨੇ ਇਕ ਟੂਲਕਿੱਟ ਬਣਾ ਕੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ‘ਭਾਰਤੀ ਰੂਪ’ ਜਾਂ ‘ਮੋਦੀ ਰੂਪ’ ਦੱਸਿਆ ਅਤੇ ਦੇਸ਼ ਅਤੇ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਦੀ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕਾਂਗਰਸ ਨੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਭਾਜਪਾ ਉਸ ਨੂੰ ਬਦਨਾਮ ਕਰਨ ਲਈ ਫਰਜ਼ੀ ‘ਟੂਲਕਿੱਟ’ ਦਾ ਸਹਾਰਾ ਲੈ ਰਹੀ ਹੈ। ਕਾਂਗਰਸ ਨੇ ਭਾਜਪਾ ਦੇ ਕਈ ਸੀਨੀਅਰ ਨੇਤਾਵਾ ਵਿਰੁੱਧ ਪੁਲਸ ‘ਚ ‘ਧੋਖਾਧੜੀ’ ਦਾ ਮਾਮਲਾ ਵੀ ਦਰਜ ਕਰਵਾਇਆ ਹੈ।