ਮੋਹਾਲੀ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪੰਜਾਬ ਦੀ ਪਹਿਲੀ ਮਾਡਰਨ ਗਊਸ਼ਾਲਾ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਗਊਸ਼ਾਲਾ ਦੇ ਸ਼ੁਰੂ ਹੋਣ ਨਾਲ ਸ਼ਹਿਰ ਦੇ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਮਸਲਾ ਪੱਕੇ ਤੌਰ ‘ਤੇ ਹੱਲ ਹੋ ਜਾਵੇਗਾ ਅਤੇ ਇੱਥੇ ਰਹਿਣ ਵਾਲੇ ਹਰ ਪਸ਼ੂ ਦਾ ਬਕਾਇਦਾ ਡਾਕਟਰੀ ਪ੍ਰਬੰਧ ਵੀ ਗਊਸ਼ਾਲਾ ਵਿੱਚ ਹਰ ਵੇਲੇ ਉਪਲੱਬਧ ਰਹੇਗਾ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਿਸ ਵੀ ਵਿਅਕਤੀ ਨੂੰ ਗਊ ਦੀ ਲੋੜ ਹੋਵੇਗੀ, ਉਸ ਨੂੰ ਗਊ ਦਿੱਤੀ ਜਾਵੇਗੀ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਕੋਰੋਨਾ ਵਾਇਰਸ ਰੂਪੀ ਮਹਾਮਾਰੀ ਸ਼ਹਿਰ ਦੀ ਬਜਾਏ ਹੁਣ ਪਿੰਡਾਂ ਵਿੱਚ ਵਧੇਰੇ ਫੈਲ ਰਹੀ ਹੈ ਅਤੇ ਪਿੰਡਾਂ ਵਿੱਚ ਇਸ ਮਹਾਮਾਰੀ ਦੇ ਨਾਲ ਮੌਤ ਦੀ ਦਰ ਵੀ ਵੱਧ ਹੈ। ਉਨ੍ਹਾਂ ਕਿਹਾ ਸ਼ਹਿਰਾਂ ਦੇ ਵਿੱਚ ਲੋਕ ਇਸ ਮਹਾਮਾਰੀ ਪ੍ਰਤੀ ਵਧੇਰੇ ਜਾਗਰੂਕ ਹਨ ਅਤੇ ਉਹ ਸਮੇਂ ਸਿਰ ਇਸ ਦਾ ਇਲਾਜ ਕਰਵਾ ਰਹੇ ਹਨ ਅਤੇ ਵੈਕਸੀਨ ਵੀ ਲੈ ਰਹੇ ਹਨ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਵੈਕਸੀਨ ਦੀ ਇੰਨੀ ਸਪਲਾਈ ਉਪਲੱਬਧ ਨਹੀਂ ਹੈ, ਜਿੰਨੀ ਕਿ ਪੰਜਾਬ ਨੂੰ ਲੋੜ ਹੈ, ਅਸੀਂ ਓਪਨ- ਟੈਂਡਰ ਵੀ ਕੀਤਾ ਹੈ ਅਤੇ ਪੰਜਾਬ ਸਰਕਾਰ ਨੂੰ ਜੇਕਰ ਲੋੜੀਂਦੀ ਵੈਕਸੀਨ ਪ੍ਰਾਪਤ ਹੋ ਜਾਵੇ ਤਾਂ ਉਹ ਤਿੰਨ ਮਹੀਨਿਆਂ ਵਿਚ ਪੂਰੇ ਪੰਜਾਬ ਦੇ ਲੋਕਾਂ ਨੂੰ ਵੈਕਸੀਨ ਲਗਾ ਦੇਣਗੇ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ ਮਹਾਮਾਰੀ ਦੇ ਪੀੜਤ ਲੋਕਾਂ ਦੇ ਪਰਿਵਾਰਾਂ ਦੇ ਲਈ ਫੂਡ ਕਿੱਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਅਜੇ ਪਹਿਲੇ ਦੌਰ ਵਿਚ ਆਸ਼ਾ ਵਰਕਰਾਂ, ਪੁਲਸ ਮੁਲਾਜ਼ਮਾਂ ਅਤੇ ਫਰੰਟਲਾਈਨ ਯੋਧਿਆਂ ਵੱਲੋਂ ਘਰ-ਘਰ ਜਾ ਕੇ ਤਿਆਰ ਖਾਣਾ ਵੀ ਮਰੀਜ਼ਾਂ ਦੇ ਪਰਿਵਾਰਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ।
ਇਸ ਮੌਕੇ ‘ਤੇ ਮੌਜੂਦ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਨਵੀਂ ਬਣੀ ਮਾਡਰਨ ਗਊਸ਼ਾਲਾ ਵਿਚ ਗਊਆਂ ਦੇ ਘੁੰਮਣ-ਫਿਰਨ ਦੇ ਲਈ ਬਕਾਇਦਾ ਕੱਚੇ ਪਾਰਕਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤਾਂ ਕਿ ਗਊਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਬੀਮਾਰੀ ਨਾ ਲੱਗ ਸਕੇ।