ਗੁਰਮੀਤ ਰਾਮ ਰਹੀਮ ਨੂੰ ਮਿਲੀ ਪੈਰੋਲ, ਪਹੁੰਚਿਆ ਗੁਰੂਗ੍ਰਾਮ

ਰੋਹਤਕ– ਜਬਰ ਜ਼ਿਨਾਹ ਦੇ ਮਾਮਲੇ ’ਚ ਦੋਸ਼ੀ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਨੂੰ 48 ਘੰਟਿਆਂ ਲਈ ਪੈਰੋਲ ਦਿੱਤੀ ਗਈ ਹੈ। ਇਸ ਦੌਰਾਨ ਉਸ ਨਾਲ ਪੁਲਸ ਦੀ ਟੀਮ ਮੌਜੂਦ ਰਹੇਗੀ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਨੂੰ ਪੈਰੋਲ ਦੇ ਸਮੇਂ ਗੁਰੂਗ੍ਰਾਮ ’ਚ ਰੱਖਿਆ ਜਾਵੇਗਾ ਅਤੇ ਇਸ ਦੌਰਾਨ ਪੁਸਲ ਦੀ ਟੀਮ ਉਸਦੀ ਨਿਗਰਾਨੀ ਕਰੇਗੀ। ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੈਰੋਲ ਮਿਲਣ ਤੋਂ ਬਾਅਦ ਰਾਮ ਰਹੀਮ ਨੂੰ ਗੁਰੂਗ੍ਰਾਮ ਲਿਜਾਇਆ ਗਿਆ ਹੈ ਜਿੱਥੇ ਉਸ ਦੀ ਬੀਮਾਰ ਮਾਂ ਵੀ ਮੌਜੂਦ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਗੁਰੂਗ੍ਰਾਮ ਦੇ ਮਨੇਸਰ ਦੇ ਇਕ ਫਾਰਮ ਹਾਊਸ ਵਿਚ ਹੈ। ਰਾਮ ਰਹੀਮ ਦੀ ਮਾਂ ਦਾ ਮੇਦਾਂਤਾ ਹਸਤਪਾਲ ਵਿਚ ਇਲਾਜ ਚੱਲ ਰਿਹਾ ਹੈ। ਪੈਰੋਲ ਦੌਰਾਨ ਰਾਮ ਰਹੀਮ ਆਪਣੀ ਮਾਂ ਦੇ ਨਾਲ ਰਹੇਗਾ। ਦੱਸ ਦੇਈਏ ਕਿ ਰਾਮ ਰਹੀਮ ਨੇ ਇਸ ਵਾਰ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਸੀ ਜਿਸ ਵਿਚ ਬੀਮਾਰ ਮਾਂ ਦੇ ਇਲਾਜ ਦਾ ਹਵਾਲਾ ਦਿੱਤਾ ਗਿਆ ਸੀ
ਜ਼ਿਕਰਯੋਗ ਹੈ ਕਿ ਛੇ ਦਿਨ ਪਹਿਲਾਂ ਰਾਮ ਰਹੀਮ ਨੂੰ ਸਿਹਤ ਖਰਾਬ ਹੋਣ ਕਾਰਨ ਪੀ.ਜੀ.ਆਈ. ਰੋਹਤਕ ਤਬਦੀਲ ਕਰ ਦਿੱਤਾ ਗਿਆ ਸੀ। ਪੀ.ਜੀ.ਆਈ. ਦੇ ਮੈਡੀਕਲ ਬੋਰਡ ਨੇ ਉਸਦੀ ਸਿਹਤ ਦੀ ਜਾਂਚ ਤੋਂ ਬਾਅਦ ਉਸ ਨੂੰ ਵਾਪਸ ਜੇਲ ਭੇਜ ਦਿੱਤਾ। ਹੁਣ ਰਾਮ ਰਹੀਮ ਨੇ ਆਪਣੀ ਮਾਂ ਦੇ ਬੀਮਾਰ ਹੋਣ ਦਾ ਹਵਾਲਾ ਦਿੰਦਿਆਂ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਰਾਮ ਰਹੀਮ ਨੂੰ ਇਕ ਦਿਨ ਲਈ ਪੈਰੋਲ ਦਿੱਤੀ ਗਈ ਸੀ। ਉਸ ਨੂੰ ਸਖ਼ਤ ਸੁਰੱਖਿਆ ਅਤੇ ਬਹੁਤ ਗੁਪਤ ਢੰਗ ਨਾਲ ਗੁਰੂਗ੍ਰਾਮ ’ਚ ਮੇਦਾਂਤਾ ਮੈਡੀਸਿਟੀ ਲਿਜਾਇਆ ਗਿਆ ਸੀ। ਰਾਮ ਰਹੀਮ ਵਲੋਂ ਪਿਛਲੇ ਦਿਨੀਂ ਪਰਿਵਾਰ ਵਿਚ ਵਿਆਹ ਸਮਾਰੋਹ ਲਈ ਪੈਰੋਲ ਦੀ ਵੀ ਮੰਗ ਕੀਤੀ ਗਈ ਸੀ, ਪਰ ਫਿਰ ਵੀ ਡੇਰਾ ਮੁਖੀ ਨੂੰ ਰਾਹਤ ਨਹੀਂ ਮਿਲੀ। ਰਾਮ ਰਹੀਮ 25 ਅਗਸਤ 2017 ਤੋਂ ਸਲਾਖਾਂ ਪਿੱਛੇ ਹੈ।