ਕੋਰੋਨਾ ਦੌਰਾਨ ‘ਰਿਲਾਇੰਸ’ ਦਾ ਪੰਜਾਬ-ਹਰਿਆਣਾ ਲਈ ਖ਼ਾਸ ਐਲਾਨ, ਮੁਹੱਈਆ ਕਰਵਾ ਰਹੀ ‘ਮੁਫ਼ਤ ਈਂਧਣ’

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਨੂੰ ਕੋਰੋਨਾ ਮਹਾਮਾਰੀ ਨਾਲ ਲੜਨ ‘ਚ ਮਦਦ ਕਰਨ ਲਈ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਕੋਰੋਨਾ ਰੋਗੀਆਂ ਲਈ ਅਮਰਜੈਂਸੀ ਸੇਵਾ ਵਾਹਨਾਂ ਅਤੇ ਐਂਬੂਲੈਸਾਂ ਨੂੰ ਰੋਗੀਆਂ ਅਤੇ ਮੈਡੀਕਲ ਆਕਸੀਜਨ ਨੂੰ ਹਸਪਤਾਲਾਂ ਆਦਿ ਤੱਕ ਪਹੁੰਚਾਉਣ ਲਈ ਮੁਫ਼ਤ ਈਂਧਣ ਮੁਹੱਈਆ ਕਰ ਰਹੀ ਹੈ। ਰਿਲਾਇੰਸ ਬੀਪੀ ਮੋਬੀਲਿਟੀ ਲਿਮਟਿਡ ਆਰ. ਬੀ. ਐਮ. ਐਲ. ਨੇ ਪੰਜਾਬ ਅਤੇ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਰਿਟੇਲ ਆਊਟਲੈਟਸ ਦੇ ਵੇਰਵੇ ਨਾਲ ਆਪਣੀਆਂ ਟੀਮਾਂ ਨੂੰ ਇਸ ਲਈ ਵਾਹਨਾਂ ਨੂੰ ਰਜਿਸਟ੍ਰੇਸ਼ਨ ਕਰਨ ਸਬੰਧੀ ਸੂਚਿਤ ਕਰਨ ਲਈ ਲਿਖਿਆ ਹੈ।
ਡੀ. ਸੀ., ਏ. ਡੀ. ਸੀ., ਸੀ. ਐਮ. ਓ., ਸਿਵਲ ਸਰਜਨ, ਐਸ. ਡੀ. ਐਮ ਜਾਂ ਉਨ੍ਹਾਂ ਦੇ ਪ੍ਰਤੀਨਿਧਿਆਂ ਵੱਲੋਂ ਰਜਿਸਟਰਡ ਸਾਰੇ ਅਮਰਜੈਂਸੀ ਵਾਹਨ 30 ਜੂਨ, 2021 ਤੱਕ ਰੋਜ਼ਾਨਾ 50 ਲੀਟਰ ਮੁਫ਼ਤ ਪੈਟਰੋਲ ਜਾਂ ਡੀਜ਼ਲ ਲਈ ਯੋਗ ਹੋਣਗੇ। ਅਜਿਹੇ ਹਜ਼ਾਰਾਂ ਅਮਰਜੈਂਸੀ ਵਾਹਨਾਂ ਅਤੇ ਐਂਬੂਲੈਂਸਾਂ ਵੱਲੋਂ ਇਸ ਸੇਵਾ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਰਿਲਾਇੰਸ ਦੇ ਪੰਜਾਬ ਸੂਬੇ ‘ਚ 85 ਪੈਟਰੋਲ ਪੰਪ ਹਨ, ਜਿਨ੍ਹਾਂ ‘ਚੋਂ 57 ਮਾਲਵਾ ਖੇਤਰ ‘ਚ ਹਨ, ਜਦੋਂ ਕਿ ਦੋਆਬਾ ਅਤੇ ਮਾਝਾ ਖੇਤਰ ‘ਚ 9-9 ਹਨ। ਉੱਥੇ ਹੀ ਹਰਿਆਣਾ ‘ਚ ਰਿਲਾਇੰਸ ਦੇ 55 ਪੰਪ ਹਨ। ਰਿਲਾਇੰਸ ਨੇ ਇਸ ਬਾਰੇ ਆਪਣੇ ਆਊਟਲੈਟਸ ‘ਤੇ ਪੋਸਟਰ ਵੀ ਲਾਏ ਹਨ।
ਰਿਲਾਇੰਸ ਇੰਡਸਟਰੀਜ਼ ਦੇ ਬੁਲਾਰੇ ਨੇ ਦੱਸਿਆ ਕਿ ਇਸ ਦਿਸ਼ਾ ‘ਚ ਇਕ ਪਹਿਲ ਦੇ ਰੂਪ ‘ਚ ਸਾਨੂੰ ਸੂਚਿਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਾਰੇ ਆਰ. ਬੀ. ਐਮ. ਐਲ. ਰਿਟੇਲ ਆਊਟਲੈੱਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਜਿਸਟਰਡ ਅਮਰਜੈਂਸੀ ਸੇਵਾ ਵਾਹਨਾਂ ਨੂੰ ਪ੍ਰਤੀ ਵਾਹਨ 50 ਲੀਟਰ ਪੈਟਰੋਲ ਜਾਂ ਡੀਜ਼ਲ ਪ੍ਰਤੀ ਦਿਨ ਫਰੀ ਫਿਊਲ ਦੀ ਪੇਸ਼ਕਸ਼ ਕਰਨਗੇ, ਜੋ ਕੋਵਿਡ ਰੋਗੀਆਂ ਜਾਂ ਵਿਅਕਤੀਆਂ ਨੂੰ ਲਿਜਾ ਰਹੇ ਹਨ ਜਾਂ ਕੁਆਰੰਟਾਈਨ ਅਤੇ ਮੈਡੀਕਲ ਆਕਸੀਜਨ ਲੈ ਜਾਣ ਵਾਲੇ ਵਾਹਨ ਹਨ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਰਿਲਾਇੰਸ ਇੰਡਸਟਰੀਜ਼ ਨੇ ਰੋਜ਼ਾਨਾ ਔਸਤਨ 1 ਲੱਖ ਤੋਂ ਵਧੇਰੇ ਲੋਕਾਂ ਦੀ ਲੋੜਾਂ ਨੂੰ ਪੂਰਾ ਕਰਨ ਲਈ ਮੈਡੀਕਲ ਆਕਸੀਜਨ ਦਾ ਉਤਪਾਦਨ ਲਗਭਗ ਸਿਫ਼ਰ ਤੋਂ 1000 ਮੀਟ੍ਰਿਕ ਟਨ ਪ੍ਰਤੀ ਦਿਨ ਤੱਕ ਵਧਾ ਦਿੱਤਾ ਹੈ। ਇਹ ਆਕਸੀਜਨ ਬਹੁਤ ਤੇਜ਼ ਰਫ਼ਤਾਰ ਨਾਲ ਵੱਖ-ਵੱਖ ਸੂਬਿਆਂ ‘ਚ ਪਹੁੰਚਾਈ ਜਾ ਰਹੀ ਹੈ। ਰਿਲਾਇੰਸ ਫਾਊਂਡੇਸ਼ਨ ਨੇ ਗੁਜਰਾਤ ਦੇ ਜਾਮਨਗਰ ‘ਚ ਆਕਸੀਜਨ ਸਹੂਲਤ ਦੇ ਨਾਲ 1000 ਬੈੱਡ ਦਾ ਕੋਵਿਡ-19 ਹਸਪਤਾਲ ਵੀ ਸਥਾਪਿਤ ਕੀਤਾ ਹੈ।