ਕੋਰੋਨਾ ਦੀ ਔਖੀ ਘੜੀ ’ਚ ਕੈਪਟਨ ਅਮਰਿੰਦਰ ਸਿੰਘ ਦਾ ਇਕ ਹੋਰ ਐਲਾਨ, ਚੁੱਕਿਆ ਇਹ ਵੱਡਾ ਕਦਮ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਰੀਜ਼ਾਂ ਲਈ ਘਰੇਲੂ ਇਕਾਂਤਵਾਸ ਦੌਰਾਨ ਸਵੈ-ਦੇਖਭਾਲ, ਬੈੱਡਾਂ ਦੀ ਉਪਲਬਧਤਾ ਅਤੇ ਟੀਕਾਕਰਨ ਕੇਂਦਰਾਂ ਬਾਰੇ ਜਾਣਕਾਰੀ ਆਦਿ ਲਈ ‘ਪੰਜਾਬ ਕੋਵਿਡ ਕੇਅਰ ਵੱਟ੍ਹਸਐਪ ਚੈਟਬੋਟ’ ਦੀ ਸ਼ੁਰੂਆਤ ਕੀਤੀ ਹੈ। ਘਰੇਲੂ ਇਕਾਂਤਵਾਸ ਵਾਲੇ ਮਰੀਜ਼ ਆਪਣੀ ਸਿਹਤ ਸਬੰਧੀ ਜਾਣਕਾਰੀ ਐਪ ਵਿਚ ਅਪਲੋਡ ਕਰ ਸਕਦੇ ਹਨ ਅਤੇ ਇਸ ਦੀ ਨਿਗਰਾਨੀ ਮਾਹਰ ਕਰਨਗੇ, ਜੋ ਉਨ੍ਹਾਂ ਨੂੰ ਇਲਾਜ ਦੌਰਾਨ ਸਲਾਹ ਦੇਣਗੇ। ਇਹ ਐਪ 3 ਭਾਸ਼ਾਵਾਂ-ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿਚ ਉਪਲਬਧ ਹੈ।
ਕੋਵਿਡ ਦੀ ਸਮੀਖਿਆ ਬੈਠਕ ਵਿਚ ਮੁੱਖ ਮੰਤਰੀ ਨੇ ਹਾਲ ਹੀ ਵਿਚ ਸ਼ੁਰੂ ਕੀਤੀ ਭੋਜਨ ਹੈਲਪਲਾਈਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ, ਜਿਸ ਤਹਿਤ ਸਿਰਫ਼ ਇਕ ਹਫ਼ਤੇ ਵਿਚ ਪੰਜਾਬ ਪੁਲਸ ਵਲੋਂ 3000 ਤੋਂ ਵੱਧ ਫੂਡ ਪੈਕੇਟ ਕੋਵਿਡ ਪ੍ਰਭਾਵਿਤ ਪਰਿਵਾਰਾਂ ਦੇ ਘਰ ਪਹੁੰਚਾਏ ਗਏ ਹਨ। ਇਨ੍ਹਾਂ ਵਿਚ 2721 ਪਕਾਏ ਗਏ ਅਤੇ 280 ਅਣ-ਪੱਕੇ ਖਾਣੇ ਦੇ ਪੈਕਟ ਸ਼ਾਮਲ ਸਨ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਸਕੀਮ ਦੀ ਸ਼ੁਰੂਆਤ ਦੇ ਪਹਿਲੇ ਦਿਨ ਹੀ ਪੁਲਸ ਵਿਭਾਗ ਵਲੋਂ ਕੋਵਿਡ ਕੰਟੀਨਾਂ ਦੀ ਸਥਾਪਨਾ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਕੀਤੀ ਗਈ ਸੀ ਅਤੇ ਇਸ ਸਕੀਮ ਦੇ ਪਹਿਲੇ ਹੀ ਦਿਨ 120 ਤੋਂ ਵੱਧ ਪਕਾਏ/ਅਣਪੱਕੇ ਖਾਣੇ ਦੇ ਪੈਕੇਟ ਵੰਡੇ ਗਏ ਸਨ।
ਉਨ੍ਹਾਂ ਅੱਗੇ ਕਿਹਾ ਕਿ 14 ਮਈ ਤੋਂ 20 ਮਈ, 2021 ਤੱਕ ਭੋਜਨ ਹੈਲਪਲਾਈਨ ਨੰਬਰਾਂ ’ਤੇ ਖਾਣੇ ਦੀਆਂ ਬੇਨਤੀਆਂ ਲਈ ਕੁੱਲ 385 ਕਾਲਾਂ ਆਈਆਂ ਸਨ। ਹੁਣ ਤੱਕ ਸਭ ਤੋਂ ਵੱਧ ਕਾਲਾਂ ਅੰਮ੍ਰਿਤਸਰ ਸਿਟੀ, ਲੁਧਿਆਣਾ ਸਿਟੀ, ਪਟਿਆਲਾ ਅਤੇ ਬਠਿੰਡਾ ਤੋਂ ਆਈਆਂ ਹਨ।