ਕੋਰੋਨਾ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਬੈਂਸ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਲੁਧਿਆਣਾ : ਲੋਕ ਇਨਸਾਫ ਪਾਰਟੀ (ਲਿਪ) ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸਰਬੱਤ ਸਿਹਤ ਬੀਮਾ ਯੋਜਨਾ (ਆਯੁਸ਼ਮਾਨ) ਅਧੀਨ ਕੋਰੋਨਾ ਮਰੀਜ਼ਾਂ ਦਾ ਫ੍ਰੀ ਇਲਾਜ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਬੈਂਸ ਨੇ ਪੱਤਰ ਰਾਹੀਂ ਕਿਹਾ ਕਿ ਕੋਰੋਨਾ ਵਰਗੀ ਭਿਆਨਕ ਬੀਮਾਰੀ ਪੂਰੇ ਦੇਸ਼ ਵਿਚ ਆਪਣੇ ਪੈਰ ਪਸਾਰ ਰਹੀ ਹੈ, ਜਿਸ ਕਾਰਨ ਕੰਮ-ਕਾਜ ਵੀ ਠੱਪ ਹੋ ਗਏ ਹਨ। ਇਸ ਭਿਆਨਕ ਦੌਰ ’ਚ ਕੋਰੋਨਾ ਪਾਜ਼ੇਟਿਵ ਆਏ ਮਿਡਲ ਕਲਾਸ, ਗਰੀਬ ਅਤੇ ਮਜ਼ਦੂਰ ਵਰਗ ਨੂੰ ਆਪਣਾ ਇਲਾਜ ਕਰਵਾਉਣਾ ਵੀ ਔਖਾ ਹੋ ਰਿਹਾ ਹੈ। ਜਦੋਂ ਮਰੀਜ਼ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਜਾਂਦਾ ਹੈ ਤਾਂ ਹਸਪਤਾਲ ਵਾਲੇ ਲੱਖਾਂ ਦਾ ਬਿੱਲ ਬਣਾ ਦਿੰਦੇ ਹਨ ਅਤੇ ਮਰੀਜ਼ ਦੀ ਜਾਨ ਫਿਰ ਵੀ ਨਹੀਂ ਬਚਦੀ।
ਉਨ੍ਹਾਂ ਦੱਸਿਆ ਕਿ ਹਸਪਤਾਲ ਵੱਲੋ ਬਣਾਏ ਬਿੱਲ ਦੀ ਅਦਾਇਗੀ ਕਰਨ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਆਪਣਾ ਘਰ, ਗਹਿਣੇ ਆਦਿ ਵੀ ਵੇਚਣੇ ਪੈ ਜਾਂਦੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਬੀਮਾ ਕੰਪਨੀਆਂ ਨਾਲ ਸੰਪਰਕ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹਸਪਤਾਲ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਫ੍ਰੀ (ਕੈਸ਼ਲੈੱਸ) ਇਲਾਜ ਕਰਵਾਇਆ ਜਾਵੇ ਅਤੇ ਕੋਰੋਨਾ ਨਾਲ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਇਸ ਬੀਮਾ ਸਕੀਮ ਤਹਿਤ ਬਣਦੀ ਮੁਆਵਜ਼ਾ ਰਾਸ਼ੀ (ਕਲੇਮ) ਦਵਾਈ ਜਾਵੇ।